ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ ਅਤੇ ਰਾਇਸ ਮਿੱਲਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਜ਼ਿਲ੍ਹਾ ਪੱਧਰ ਉੱਤੇ ਹੱਲ ਹੋ ਸਕਣ ਵਾਲੀਆਂ ਦਿੱਕਤਾਂ ਦੂਰ ਕਰਨ ਦਾ ਦਿੱਤਾ ਭਰੋਸਾ

ਪ੍ਰਕਾਸ਼ਨ ਦੀ ਮਿਤੀ : 04/10/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ ਅਤੇ ਰਾਇਸ ਮਿੱਲਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਜ਼ਿਲ੍ਹਾ ਪੱਧਰ ਉੱਤੇ ਹੱਲ ਹੋ ਸਕਣ ਵਾਲੀਆਂ ਦਿੱਕਤਾਂ ਦੂਰ ਕਰਨ ਦਾ ਦਿੱਤਾ ਭਰੋਸਾ
ਜ਼ਿਲ੍ਹੇ ਵਿੱਚ ਝੋਨੇ ਦੀ ਸੁਚਾਰੂ ‘ਤੇ ਨਿਰਵਿਘਨ ਖਰੀਦ ਬਣਾਈ ਜਾਵੇਗੀ ਯਕੀਨੀ-ਸ੍ਰੀ ਗੁਲਪ੍ਰੀਤ ਸਿੰਘ ਔਲਖ
ਜ਼ਿਲ੍ਹੇ ਦੇ ਕਿਸਾਨਾਂ ਨੂੰ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈਕੇ ਆਉਣ ਦੀ ਕੀਤੀ ਅਪੀਲ
ਤਰਨ ਤਾਰਨ, 30 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਗੌਰਵ ਤੂਰਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆੜ੍ਹਤੀਆਂ ਅਤੇ ਰਾਇਸ ਮਿੱਲਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਸ਼ਰਮਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਹਰਜੋਤ ਸਿੰਘ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ, ਰਾਇਸ ਮਿੱਲਰ ਐਸੋਸੀਏਸ਼ਨ ਦੇ ਨੁਮਾਇੰਦੇ ਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆੜ੍ਹਤੀਆਂ ਅਤੇ ਰਾਇਸ ਮਿੱਲਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਜ਼ਿਲ੍ਹਾ ਪੱਧਰ ਉੱਤੇ ਹੱਲ ਹੋ ਸਕਣ ਵਾਲੀਆਂ ਦਿੱਕਤਾਂ ਦੂਰ ਕਰਨ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਝੋਨੇ ਦੀ ਖ਼ਰੀਦ ਨਾਲ ਸਬੰਧਤ ਕਿਸੇ ਵੀ ਧਿਰ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਸੁਚਾਰੂ ‘ਤੇ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇਗੀ।ਉਹਨਾਂ ਕਿਹਾ ਕਿ ਸਮੂਹ ਧਿਰਾਂ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਜ਼ਿਲ੍ਹੇ ਦੀਆਂ ਮੰਡੀਆਂ `ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ, ਉਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਲਈ ਪੀਣ ਵਾਲੇ ਪਾਣੀ, ਬੈਠਣ, ਬਿਜਲੀ ਦੇ ਪ੍ਰਬੰਧ ਪੁਖ਼ਤਾ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ `ਚ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ। ਸੁੱਕੀ ਫ਼ਸਲ ਦੀ ਨਾਲੋ-ਨਾਲ ਖ਼ਰੀਦ ਕਰ ਕੇ ਤੈਅ ਸਮੇਂ ਦੇ ਵਿੱਚ-ਵਿੱਚ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਗੁਲਪ੍ਰੀਤ ਸਿੰਘ ਔਲ਼ਖ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਾਮ 06 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ `ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਸ਼ਾਮ/ਰਾਤ ਨੂੰ ਤਰੇਲ ਪੈ ਜਾਣ ਕਾਰਨ ਝੋਨੇ ਦੀ ਫ਼ਸਲ ਸਿਲ੍ਹੀ ਹੋ ਜਾਂਦੀ ਹੈ ਅਤੇ ਕੰਬਾਇਨਾਂ ਇਸ ਸਿੱਲੀ ਫਸਲ ਨੂੰ ਕੱਟ ਦਿੰਦੀਆਂ ਹਨ। ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਅਸਿੱਧੇ ਤੌਰ `ਤੇ ਅਸਰ ਦੇਸ਼ ਦੇ ਉਤਪਾਦਨ `ਤੇ ਵੀ ਪੈਂਦਾ ਹੈ। ਸਿੱਲੀ ਫਸਲ ਕੱਟਣ ਕਾਰਨ ਨਮੀ ਸਰਕਾਰ ਦੀਆਂ ਨਿਰਧਾਰਤ ਸਪੈਸੀਫਿਕੇਸ਼ਨਜ਼ ਤੋਂ ਉਪਰ ਹੁੰਦੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ ਉਸ ਝੋਨੇ ਨੂੰ ਖਰੀਦਣ ਤੋਂ ਅਸਰਮਥ ਹੁੰਦੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਬੇ-ਵਜ੍ਹਾ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਹੈ।