ਤਰਨਤਾਰਨ ਜਿਲ੍ਹੇ ਦੇ 5 ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ

ਤਰਨਤਾਰਨ ਜਿਲ੍ਹੇ ਦੇ 5 ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ
ਜਿਲ੍ਹੇ ਦੇ 5 ਸਰਕਾਰੀ ਸਕੂਲ ਪੰਜਾਬ ਦੇ ਸਭ ਤੋਂ ਵਿਦਿਆਰਥੀਆਂ ਵਾਲੇ 180 ਸਕੂਲਾਂ ‘ਚ ਹੋਏ ਸ਼ਾਮਲ
ਤਰਨ ਤਾਰਨ, 25 ਮਈ :
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਰਾਜ ਦੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ 180 ਸਰਕਾਰੀ ਸਕੂਲਾਂ ‘ਚ 5 ਸਕੂਲ ਤਰਨਤਾਰਨ ਜਿਲ੍ਹੇ ਦੇ ਸ਼ਾਮਲ ਹਨ।
ਜਿਲ੍ਹੇ ਦੇ ਜਿੰਨ੍ਹਾਂ ਸਰਕਾਰੀ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵਧੀ ਹੈ, ਉਨ੍ਹਾਂ ਚ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿੱਚ 2338, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿੱਚ 2182, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿੱਚ 1610, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੀਆਂ ਵਿੱਚ 1427 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿੱਚ1147 ਬੱਚੇ ਵਿਦਿਆ ਪ੍ਰਾਪਤ ਕਰ ਰਹੇ ਹਨ।
ਪ੍ਰਿੰ. ਸ਼੍ਰੀ ਜਗਵਿੰਦਰ ਸਿੰਘ ਸਸਸਸ ਤਰਨਤਾਰਨ ਲੜਕੇ ਸਕੂਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਵਾਲੀ ਸਿੱਖਿਆ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪ੍ਰਿੰ. ਸ਼੍ਰੀਮਤੀ ਅੰਜੂ ਸੇਠੀ,ਸਸਸਸ ਭਿੱਖੀਵਿੰਡ ਦਾ ਕਹਿਣਾ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਪ੍ਰਣਾਲੀ ‘ਚ ਲਿਆਂਦੀ ਗੁਣਵੱਤਾ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ।
ਪ੍ਰਿੰ. ਸ਼੍ਰੀਮਤੀ ਰਵਿੰਦਰ ਕੌਰ ਸਗਅਦ ਸਸਸਸ ਤਰਨਤਾਰਨ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੀ ਸਰਪ੍ਰਸਤੀ ‘ਚ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਤਰਨਤਾਰਨ ਸ਼੍ਰੀ ਗੁਰਬਚਨ ਸਿੰਘ ਨੇ ਜਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਰਾਜ ਪੱਧਰ ‘ਤੇ ਮਾਣ ਵਧਾਉਣ ‘ਤੇ ਵਧਾਈ ਦਿੱਤੀ ਹੈ।