ਦਾਲਾਂ ਪ੍ਰੋਟੀਨ ਦਾ ਵਧੀਆ ਸਰੋਤ ਹਨ : ਡਾ ਭੁਪਿੰਦਰ ਸਿੰਘ ਏਓ

ਵਿਸ਼ਵ ਦਾਲ ਦਿਵਸ ਮਨਾਇਆ
ਦਾਲਾਂ ਪ੍ਰੋਟੀਨ ਦਾ ਵਧੀਆ ਸਰੋਤ ਹਨ : ਡਾ ਭੁਪਿੰਦਰ ਸਿੰਘ ਏਓ
ਤਰਨ ਤਾਰਨ, 10 ਫਰਵਰੀ
ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਨੇ ਡਾ ਭੁਪਿੰਦਰ ਸਿੰਘ ਏਓ ਦੀ ਅਗਵਾਈ ਵਿੱਚ ਗੁਰਬਰਿੰਦਰ ਸਿੰਘ ਏਡੀਓ, ਰਜਿੰਦਰ ਕੁਮਾਰ ਏਈਓ , ਮਨਮੋਹਨ ਸਿੰਘ ਏਈਓ , ਗੁਰਪ੍ਰੀਤ ਸਿੰਘ ਬੀਟੀਐਮ ,ਅਮਨਦੀਪ ਸਿੰਘ ਏਈਓ ਅਤੇ ਦਇਆਪ੍ਰੀਤ ਸਿੰਘ ਏਈਓ ਅਧਾਰਿਤ ਟੀਮ ਨੇ ਪੱਟੀ ਵਿਖੇ ਵਿਸ਼ਵ ਦਾਲ ਦਿਵਸ ਮਨਾਇਆ।
ਇਸ ਮੌਕੇ ਮਾਹਿਰਾਂ ਨੇ ਹਾਜਰੀਨ ਨੂੰ ਦਾਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਾਲਾਂ ਦੀ ਸਾਡੇ ਸਰੀਰ ਲਈ ਬਹੁਤ ਹੀ ਮਹੱਤਤਾ ਹੈ। ਅਮੀਰ, ਗਰੀਬ ਅਤੇ ਖਾਸ ਤੌਰ ਤੇ ਸ਼ਾਕਾਹਾਰੀ ਲੋਕਾਂ ਲਈ ਦਾਲਾਂ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹਨ । ਉਨ੍ਹਾਂ ਦੱਸਿਆ ਕਿ ਦਾਲਾਂ ਨਾਂ ਸਿਰਫ਼ ਪ੍ਰੋਟੀਨ ਦਾ ਵਧੀਆ ਸਰੋਤ ਹਨ ਸਗੋਂ ਇਸ ਵਿੱਚ ਲੋੜੀਂਦਾ ਫਾਈਬਰ, ਵਿਟਾਮਿਨ ਅਤੇ ਖਣਿਜ ਵੀ ਪ੍ਰਾਪਤ ਮਾਤਰਾ ਵਿੱਚ ਮਿਲਦੇ ਹਨ। ਦਾਲਾਂ ਜਿੱਥੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ ਉਥੇ ਦਾਲਾਂ ਵਾਤਾਵਰਨ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਹਨਾਂ ਦੱਸਿਆ ਕਿ ਇਹ ਇੱਕ ਅਜਿਹੀ ਫ਼ਸਲ ਹੈ ਜਿਸ ਦੀ ਕਾਸ਼ਤ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀ ਹੈ। ਇਸ ਦਾ ਚਾਰਾ ਪਸ਼ੂਆਂ ਨੂੰ ਵੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਅਤੇ ਕਿਸਾਨ ਘੱਟ ਲਾਗਤ ‘ਤੇ ਦਾਲਾਂ ਦੀ ਕਾਸ਼ਤ ਕਰਕੇ ਮੁਨਾਫਾ ਲੈ ਸਕਦੇ ਹਨ। ਇਸ ਤੋਂ ਇਲਾਵਾ ਹੋਰ ਫ਼ਸਲਾਂ ਦੇ ਮੁਕਾਬਲੇ ਦਾਲਾਂ ਸਿੰਚਾਈ ‘ਤੇ ਜ਼ਿਆਦਾ ਨਿਰਭਰ ਨਹੀਂ ਕਰਦੀਆਂ। ਇਸ ਲਈ ਜਿੱਥੇ ਦਾਲਾਂ ਨੂੰ ਖੁਰਾਕ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ ਉੱਥੇ ਘੱਟੋ ਘੱਟ ਘਰੇਲੂ ਖਪਤ ਲਈ ਦਾਲਾਂ ਦੀ ਕਾਸ਼ਤ ਵੀ ਲਾਹੇਵੰਦ ਹੈ। ਇਸ ਮੌਕੇ ਘਰੇਲੂ ਦਾਲਾਂ ਦੇ ਉਤਪਾਦਨ ਲਈ ਸੰਭਾਵੀ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਜੈਵਿਕ ਰੋਕਥਾਮ ਦੇ ਢੰਗ ਦੱਸੇ ਗਏ।
ਇਸ ਮੌਕੇ ਦੋ ਸਾਲ ਤੋਂ 10 ਏਕੜ ਤੇ ਰਾਜਮਾਂਹ ਦੀ ਖੇਤੀ ਕਰ ਰਹੇ ਨਰਿੰਦਰ ਸਿੰਘ ਜੋਤੀ ਸ਼ਾਹ, ਚਾਨਣ ਸਿੰਘ ਸਰਾਂ ਅਤੇ ਬਲਜੀਤ ਸਿੰਘ ਕੱਚਾ ਪੱਕਾ ਨੂੰ ਦਾਲਾਂ ਦੀ ਕਾਸ਼ਤ ਕਰਨ ਲਈ ਮਹਿਕਮੇ ਦੁਆਰਾ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਬਲਰਾਜ ਬਾਜਾ ਸਿੰਘ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਦਿਲਬਾਗ ਸਿੰਘ , ਗੁਰਲਾਲ ਸਿੰਘ ਫੀਲਡ ਵਰਕਰ, ਗੁਰਦੇਵ ਸਿੰਘ ਮਾਣਕਪੁਰਾ ਖੇਤੀ ਸਹਾਇਕ ਪ੍ਰਬੰਧਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।