ਬੰਦ ਕਰੋ

ਦਾਲਾਂ ਪ੍ਰੋਟੀਨ ਦੀ ਲੋੜ ਨੂੰ ਪੂਰਾ ਕਰਦੀਆਂ ਹਨ: ਡਾ ਭੁਪਿੰਦਰ ਸਿੰਘ ਏ ਓ

ਪ੍ਰਕਾਸ਼ਨ ਦੀ ਮਿਤੀ : 10/07/2025

ਦਾਲਾਂ ਪ੍ਰੋਟੀਨ ਦੀ ਲੋੜ ਨੂੰ ਪੂਰਾ ਕਰਦੀਆਂ ਹਨ: ਡਾ ਭੁਪਿੰਦਰ ਸਿੰਘ ਏ ਓ

ਸਾਉਣੀ ਰੁੱਤ ਦੀ ਮੂੰਗੀ ਦਾ ਬੀਜ  ਸਬਸਿਡੀ ਤੇ ਉਪਲੱਬਧ

ਤਰਨ ਤਾਰਨ, 10 ਜੁਲਾਈ

ਸੰਤੁਲਿਤ ਖੁਰਾਕ ਵਿੱਚ ਮੁੱਖ ਤੌਰ ਤੇ ਕਾਰਬੋਹਾਈਡ੍ਰੇਟ , ਪ੍ਰੋਟੀਨ, ਚਰਬੀ, ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਇਹਨਾਂ ਵਿੱਚੋਂ ਕਾਰਬੋਹਾਈਡ੍ਰੇਟ , ਪ੍ਰੋਟੀਨ ਅਤੇ ਚਰਬੀ ਦੀ ਸਰੀਰ ਨੂੰ ਵੱਧ ਲੋੜ ਪੈਂਦੀ ਹੈ, ਕਿਉਂਕਿ ਸਰੀਰ ਨੂੰ ਚੱਲਦਾ ਰੱਖਣ ਲਈ ਇਹਨਾਂ ਤੋਂ ਹੀ ਸ਼ਕਤੀ ਮਿਲਦੀ ਹੈ। ਇਹਨਾਂ ਤਿੰਨ ਪੋਸ਼ਟਿਕ ਤੱਤਾਂ ਵਿੱਚੋਂ ਪ੍ਰੋਟੀਨ ਸਰੀਰ ਲਈ ਉਵੇਂ ਜਰੂਰੀ ਹੈ, ਜਿਵੇਂ ਕਿਸੇ ਮਕਾਨ ਦੀ ਉਸਾਰੀ ਲਈ ਇੱਟਾਂ ਦੀ ਜਰੂਰਤ। ਸਰੀਰ ਦੇ ਹਰ ਸੈੱਲ ਦੇ ਹਰ ਹਿੱਸੇ -ਪੱਠੇ, ਹੱਡੀਆਂ, ਖੂਨ, ਦਿਮਾਗ, ਚਮੜੀ ਅਤੇ ਵਾਲਾਂ ਵਿੱਚ ਪ੍ਰੋਟੀਨ ਹੁੰਦੇ ਹਨ।

ਪ੍ਰੋਟੀਨ ਤੋਂ ਬਿਨਾਂ ਸਰੀਰ ਦੀਆਂ ਕਿਰਿਆਵਾਂ ਨਹੀਂ ਹੋ ਸਕਦੀਆਂ ਅਤੇ ਜੀਵਨ ਗਤੀਹੀਨ ਹੋ ਜਾਂਦਾ ਹੈ । ਮਾਸ ,ਮੱਛੀ, ਆਂਡਾ ਅਤੇ ਦੁੱਧ ਆਦਿ ਪਸ਼ੂ ਪ੍ਰੋਟੀਨ ਤੋਂ ਇਲਾਵਾ ਦਾਲਾਂ ਬਨਸਪਤੀ ਪ੍ਰੋਟੀਨ ਦਾ ਸੋਮਾ ਹਨ। ‌ਦਾਲਾਂ ਪ੍ਰੋਟੀਨ ਤੋਂ ਇਲਾਵਾ ਫਾਈਬਰ, ਵਿਟਾਮਿਨ- ਥਾਇਆਮੀਨ ਅਤੇ ਫੋਲਿਕ ਐਸਿਡ ਦਾ ਵੀ ਉੱਤਮ ਸਰੋਤ ਹਨ। ਮੂੰਗੀ ਅਤੇ ਛੋਲਿਆਂ ਨੂੰ ਜੇਕਰ ਪੁੰਗਾਰ ਕੇ ਖਾਧਾ ਜਾਵੇ, ਤਾਂ ਇਸ ਵਿੱਚ ਵਿਟਾਮਿਨ ‘ਸੀ’ ਚੋਖੀ ਮਾਤਰਾ ਵਿੱਚ ਵੱਧ ਜਾਂਦਾ ਹੈ। ਇਕ ਬਾਲਗ ਵਿਅਕਤੀ ਦੀ ਸੰਤੁਲਿਤ ਖੁਰਾਕ ਜਿਸ ਵਿੱਚ ਪਸ਼ੂਆਂ ਤੋਂ ਪ੍ਰਾਪਤ ਪ੍ਰੋਟੀਨ ਵੀ ਹੁੰਦੇ ਹਨ, ਉਨ੍ਹਾਂ ਲਈ 85 ਗ੍ਰਾਮ ਪ੍ਰਤੀ ਦਿਨ ਦਾਲਾਂ ਦੀ ਲੋੜ ਹੁੰਦੀ ਹੈ। ਪਰ ਇਸ ਦੇ ਉਲਟ ਭਾਰਤ ਖਾਸ ਤੌਰ ਤੇ ਪੰਜਾਬ ਵਿੱਚ ਇਸ ਦੀ ਪੈਦਾਵਾਰ/ਉਪਲੱਬਧਤਾ ਬਹੁਤ ਘੱਟ ਹੈ। ਰਿਪੋਰਟ ਅਨੁਸਾਰ ਮੰਗ ਦੀ ਪੂਰਤੀ ਲਈ ਸਾਲ 2024-25 ਦੌਰਾਨ ਹੀ 42 ਹਜਾਰ ਕਰੋੜ ਦੇ ਲਗਭਗ ਦਾਲਾਂ ਦਾ ਆਯਾਤ ਕਰਨਾ ਪਿਆ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਦੱਸਿਆ ਕਿ ਦਾਲਾਂ ਵਾਤਾਵਰਨ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਦਾਲਾਂ ਖਾਸ ਤੌਰ ਤੇ ਸਾਉਣੀ ਦੀ ਮੂੰਗੀ ਜਿੱਥੇ ਘੱਟ ਸਿੰਚਾਈ, ਖਾਦ ਨਾਲ  ਹੋ ਜਾਂਦੀ ਹੈ, ਉੱਥੇ ਅਗਲੀ ਬੀਜੀ ਜਾਣ ਵਾਲੀ ਫਸਲ- ਕਣਕ, ਤੇਲ ਬੀਜ, ਆਲੂ, ਮਟਰ ਆਦਿ ਲਈ ਵੀ ਰਸਾਇਣਿਕ ਖਾਦ ਦੀ ਵਰਤੋਂ ਘੱਟ ਕਰਨ ਲਈ ਸਹਾਈ ਹੈ। ਦਾਲਾਂ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਖੁਰਾਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਨਾਲ ਹੀ  ਚੰਗਾ ਹੋਵੇਗਾ, ਜੇਕਰ ਕਿਸਾਨ ਲੋੜ ਅਨੁਸਾਰ ਕੁੱਝ ਰਕਬਾ ਦਾਲਾਂ ਹੇਠ ਲਿਆਉਣ।

 ਜਾਣਕਾਰੀ ਦੌਰਾਨ ਦੱਸਿਆ ਗਿਆ ਕਿ ਸਬਸਿਡੀ ਤੇ ਸਾਉਣੀ ਰੁੱਤ ਦੇ ਮੂੰਗੀ ਦੀ ਚਾਰ ਕਿਲੋ ਬੀਜ ਕਿੱਟ ਜਿਸ ਨਾਲ ਅੱਧੇ ਏਕੜ ਵਿੱਚ 15 ਜੁਲਾਈ ਤੋਂ ਕਾਸ਼ਤ ਕੀਤੀ ਜਾ ਸਕਦੀ ਹੈ, ਵਿਭਾਗ ਪਾਸੋਂ ਸਬਸਿਡੀ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਦਇਆਪ੍ਰੀਤ ਸਿੰਘ ਏ ਈ ਓ, ਗੁਰਸਿਮਰਨ ਸਿੰਘ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ,  ਗੁਰਪ੍ਰੀਤ ਸਿੰਘ ਬੀਟੀਐਮ, ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਅਤੇ ਗੁਰਲਾਲ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।