ਬੰਦ ਕਰੋ

ਦੁਬਈ ਤੋਂ ਪੱਕੇ ਤੌਰ ਤੇ ਵਾਪਸ ਪਰਤਿਆ ਕਿਸਾਨ ਗੁਰਮੀਤ ਸਿੰਘ, ਕਣਕ-ਝੋਨੇ ਦੀ ਖੇਤੀ ਦੇ ਨਾਲ -ਨਾਲ ਕਰਦਾ ਹੈ ਲਸਣ, ਪਿਆਜ ਤੇ ਸਰੋਂ ਦੀ ਖੇਤੀ

ਪ੍ਰਕਾਸ਼ਨ ਦੀ ਮਿਤੀ : 20/02/2025

ਦੁਬਈ ਤੋਂ ਪੱਕੇ ਤੌਰ ਤੇ ਵਾਪਸ ਪਰਤਿਆ ਕਿਸਾਨ ਗੁਰਮੀਤ ਸਿੰਘ, ਕਣਕ-ਝੋਨੇ ਦੀ ਖੇਤੀ ਦੇ ਨਾਲ -ਨਾਲ ਕਰਦਾ ਹੈ ਲਸਣ, ਪਿਆਜ ਤੇ ਸਰੋਂ ਦੀ ਖੇਤੀ
ਸਖ਼ਤ ਮਿਹਨਤ ਅਤੇ ਲਗਨ ਸਦਕਾ ਖੇਤੀਬਾੜੀ ਨੂੰ ਬਣਾਇਆ ਇੱਕ ਲਾਹੇਵੰਦ ਧੰਦਾ

ਤਰਨ ਤਾਰਨ 19 ਫਰਵਰੀ :
ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਹਿੰਦੇ ਨੇ ਕਿ ਜੇਕਰ ਮਨ ਵਿੱਚ ਕੁਝ ਕਰਨ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਔਖੇ ਕੰਮ ਵੀ ਸੌਖੇ ਹੋ ਜਾਂਦੇ ਹਨ ਅਤੇ ਸਫਲਤਾ ਆਪਣੇ ਆਪ ਕਦਮ ਚੁੰਮਦੀ ਹੈ। ਅਜਿਹੀ ਹੀ ਕਹਾਣੀ ਹੈ ਕਿਸਾਨ ਗੁਰਮੀਤ ਸਿੰਘ ਦੀ ਜੋ ਕਿ 10 ਸਾਲ ਅਰਬ ਦੇਸ਼ ਵਿੱਚ ਲਾਉਣ ਤੋਂ ਬਾਅਦ ਪੱਕੇ ਤੌਰ ‘ਤੇ ਆਪਣੇ ਪੰਜਾਬ ਦੀ ਜ਼ਮੀਨ ‘ਤੇ ਪਰਤਿਆ ਹੈ ਅਤੇ ਉਹ ਆਪਣੀ ਜਮੀਨ ਵਿੱਚ ਕਣਕ-ਝੋਨੇ ਦੀ ਰਵਾਇਤੀ ਖੇਤੀ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ।
ਹਰ ਸਫਲ ਵਿਅਕਤੀ ਪਿੱਛੇ ਉਸ ਦੀ ਸਖ਼ਤ ਮਿਹਨਤ, ਲਗਨ ਤੇ ਉਸ ਦੀਆਂ ਖੂਬੀਆਂ ਹੁੰਦੀਆਂ ਹਨ। ਦੁਨੀਆਂ ਦਾ ਕੋਈ ਅਜਿਹਾ ਕੰਮ ਨਹੀਂ, ਜੋ ਮਨੁੱਖ ਨਾ ਕਰ ਸਕੇ। ਹਰ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਹ ਜ਼ਿੰਦਗੀ ਵਿੱਚ ਉੱਚਾ ਮੁਕਾਮ ਹਾਸਿਲ ਕਰੇ। ਜ਼ਿਆਦਾਤਾਰ ਲੋਕ ਆਪਣੇ ਜੀਵਨ ਵਿੱਚ ਤਰੱਕੀ ਤਾਂ ਕਰਨੀ ਚਾਹੁੰਦੇ ਹਨ ਪਰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਹ ਉੰਨੀ ਮਿਹਨਤ ਨਹੀਂ ਕਰਦੇ, ਜਿੰਨੀ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਕਸ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿੰਨਾ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਖੇਤੀਬਾੜੀ ਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਹੈ ਹੈ।
ਕਿਸਾਨ ਗੁਰਮੀਤ ਸਿੰਘ ਪੁੱਤਰ ਸਰਦਾਰ ਸੁਖਦੇਵ ਸਿੰਘ ਵਾਸੀ ਪਿੰਡ ਨਾਗੋਕੇ ਜੋ ਕਿ ਕੁੱਲ 5 ਏਕੜ ਰਕਬੇ ਵਿੱਚ ਵਾਹੀ ਕਰਦਾ ਹੈ, ਆਪਣੀ ਮਾਲਕੀ 5 ਏਕੜ ਦੇ ਨਾਲ ਨਾਲ 2 ਏਕੜ ਠੇਕੇ ਉਪਰ ਲੈ ਕੇ ਕਣਕ, ਝੋਨੇ ਦੀ ਖੇਤੀ ਦੇ ਨਾਲ -ਨਾਲ ਸਬਜੀਆਂ ਆਲੂ, ਲਸਣ, ਸਰੋਂ, ਪਿਆਜ ਦੀ ਖੇਤੀ ਕਰਦਾ ਹੈ।
ਕਿਸਾਨ ਗੁਰਮੀਤ ਸਿੰਘ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਖਡੂਰ ਸਾਹਿਬ ਤੇ ਆਤਮਾ ਵਿੰਗ ਦੇ ਬਲਾਕ ਟੈਕਨੋਲੋਜੀ ਮੈਨੇਜਰ ਯਾਦਵਿੰਦਰ ਸਿੰਘ ਨਾਲ ਰਾਬਤਾ ਕਰਕੇ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਸਤੇ ਬੇਲਰ ਦੇ ਨਾਲ ਗੰਡਾਂ ਬਣਵਾਈਆਂ ਅਤੇ ਉਹ ਪਿਛਲੇ ਪੰਜ ਸਾਲਾਂ ਤੋਂ ਕਣਕ ਦੇ ਨਾਲ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਹੈ । ਫਸਲ ਦੀ ਰਹਿੰਦ-ਖਹੂੰਦ ਨੂੰ ਖੇਤਾ ਵਿੱਚ ਹੀ ਵਾਹ ਦਿੰਦਾ ਹੈ। ਬਿਨਾ ਅੱਗ ਲਗਾਏ ਸਾਰੇ ਰਕਬੇ ਵਿੱਚ ਕਣਕ ਅਤੇ ਸਬਜੀਆਂ ਦੀ ਕਾਸ਼ਤ ਕਰਦਾ ਹੈ।ਗੁਰਮੀਤ ਸਿੰਘ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਕੇ ਪੋਲੀ ਹਾਊਸ ਵੀ ਲਗਾਉਣਾ ਚਾਹੁੰਦਾ ਹੈ। ਕਿਸਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਖਡੂਰ ਸਾਹਿਬ ਦੇ ਸੰਪਰਕ ਵਿੱਚ ਰਹਿੰਦਾ ਹੈ, ਜਿਸ ਨਾਲ ਇਸ ਨੂੰ ਸਮੇ-ਸਮੇ ਤੇ ਵਿਭਾਗ ਦੀਆ ਸਹੂਲਤਾ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਉਹ ਉਨਾ ਸਹੂਲਤਾਂ ਦਾ ਲਾਭ ਲੈਂਦਾ ਹੈ । ਇਸ ਸਮੇਂ ਉਹਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਫੀਲਡ ਵਰਕਰ ਹਾਜ਼ਰ ਸਨ।