ਬੰਦ ਕਰੋ

ਨਸ਼ਾ ਛੁਡਾੳੂ ਕੇਂਦਰਾਂ ਵਿਚ ਰੋਗੀਆਂ ਦੀ ਗਿਣਤੀ 150 ਤੋਂ ਸ਼ੁਰੂ ਹੋ ਕੇ 20 ਹਜ਼ਾਰ ਨੂੰ ਟੱਪੀ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਪੰਚਾਇਤਾਂ ਨਸ਼ਾ ਖਾਣ ਵਾਲੇ ਵਿਰੁੱਧ ਨਹੀਂ ਹੋਵੇਗੀ ਕੋਈ ਕਾਨੂੰਨੀ ਕਾਰਵਾਈ- -ਡਿਪਟੀ ਕਮਿਸ਼ਨਰ ਤਰਨਤਾਰਨ

ਪ੍ਰਕਾਸ਼ਨ ਦੀ ਮਿਤੀ : 01/07/2019
dc

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਨਸ਼ਾ ਛੁਡਾੳੂ ਕੇਂਦਰਾਂ ਵਿਚ ਰੋਗੀਆਂ ਦੀ ਗਿਣਤੀ 150 ਤੋਂ ਸ਼ੁਰੂ ਹੋ ਕੇ 20 ਹਜ਼ਾਰ ਨੂੰ ਟੱਪੀ-ਡਿਪਟੀ ਕਮਿਸ਼ਨਰ
ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਪੰਚਾਇਤਾਂ
ਨਸ਼ਾ ਖਾਣ ਵਾਲੇ ਵਿਰੁੱਧ ਨਹੀਂ ਹੋਵੇਗੀ ਕੋਈ ਕਾਨੂੰਨੀ ਕਾਰਵਾਈ-ਡੀ. ਸੀ.
ਤਰਨਤਾਰਨ, 1 ਜੁਲਾਈ ( )-ਪੁੱਤ ਅਤੇ ਪਾਣੀ ਬਚਾਉ ਦੇ ਮੁੱਦੇ ਉਤੇ ਹਰੇਕ ਪੰਚਾਇਤ ਨੂੰ ਮਿਲਣ ਦੇ ਉਲੀਕੇ ਪ੍ਰੋਗਰਾਮ ਦੇ ਤੀਸਰੇ ਦਿਨ ਬਲਾਕ ਪੱਟੀ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ 23 ਮਾਰਚ 2018 ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦਾ ਨਤੀਜਾ ਹੈ ਕਿ ਜਿਲੇ ਵਿਚ ਜਿੱਥੇ ਪਹਿਲਾਂ ਕੇਵਲ 150 ਰੋਗੀ ਨਸ਼ਾ ਮੁਕਤੀ ਦਾ ਇਲਾਜ ਕਰਵਾ ਰਹੇ ਸਨ, ਉਥੇ ਹੁਣ ਇਹ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਉਨਾਂ ਕਿਹਾ ਕਿ ਇਹ ਕੇਵਲ ਸਰਕਾਰ ਦੇ ਯਤਨਾਂ ਨਾਲ ਨਹੀਂ ਹੋਇਆ, ਇਸ ਵਿਚ ਤੁਹਾਡਾ ਸਾਰਿਆਂ ਦਾ ਵੀ ਵੱਡਾ ਯੋਗਦਾਨ ਹੈ ਅਤੇ ਜੇਕਰ ਤੁਸੀਂ ਸਾਰੇ ਇਸੇ ਤਰਾਂ ਸਾਡਾ ਸਾਥ ਦਿੰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਤਾਰਨਤਾਰਨ ਜਿਲਾ ਨਸ਼ਾ ਮੁਕਤ ਹੋ ਜਾਵੇਗਾ। ਉਨਾਂ ਕਿਹਾ ਕਿ ਜਿਸ ਤਰਾਂ ਅਸੀਂ 35 ਸਾਲ ਪੁਰਾਣੇ ਨਕਲ ਦੇ ਕੋਹੜ ਨੂੰ ਖ਼ਤਮ ਕੀਤਾ ਹੈ, ਉਸੇ ਤਰਾਂ ਨਸ਼ਾ ਵੀ ਖਤਮ ਹੋ ਸਕਦਾ ਹੈ, ਪਰ ਇਸ ਲਈ ਪੰਚਾਇਤਾਂ ਦੇ ਸਾਥ ਦੀ ਵੱਡੀ ਲੋੜ ਹੈ।
ਉਨਾਂ ਸਪੱਸ਼ਟ ਕੀਤਾ ਕਿ ਨਸ਼ਾ ਕਰਨ ਵਾਲਾ ਰੋਗੀ ਹੋ ਚੁੱਕਾ ਹੈ, ਉਸ ਦਾ ਇਲਾਜ ਹੋਵਗਾ ਨਾ ਕਿ ਕਾਨੂੰਨੀ ਕਾਰਵਾਈ, ਪਰ ਨਸ਼ੇ ਵੇਚਣ ਵਾਲੇ ਨੂੰ ਨਹੀਂ ਬਖਸਿਆ ਜਾਵੇਗਾ। ਉਨਾਂ ਕਿਹਾ ਕਿ ਨਸ਼ਾ ਮੁਕਤੀ ਲਈ ਨਸ਼ੇ ਦੇ ਵਪਾਰੀਆਂ ਵਿਰੁੱਧ ਠੋਸ ਕਾਰਵਾਈ ਦੇ ਨਾਲ-ਨਾਲ ਝੋਲਾ ਛਾਪ ਡਾਕਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਂਕਿ ਇੰਨਾਂ ਵਿਚੋਂ ਬਹੁਤੇ ਨਸ਼ੇ ਦੇ ਧੰਦੇ ਵਿਚ ਸ਼ਾਮਿਲ ਹਨ। ਉਨਾਂ ਪੰਚਾਇਤ ਮੈਂਬਰਾਂ ਤੇ ਪੰਚਾਇਤਾਂ ਨੂੰ ਕਿਹਾ ਕਿ ਤਹਾਨੂੰ ਪਿੰਡਾਂ ਲਈ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਆਪਣੇ ਅਰਸੇ ਦੌਰਾਨ ਕੁੱਝ ਅਜਿਹਾ ਕਰ ਜਾਓ ਕਿ ਆਉਣ ਵਾਲੀਆਂ ਪੀੜੀਆਂ ਚੇਤੇ ਰੱਖਣ ਕਿ ਫਲਾਣਾ ਬੰਦਾ ਵੀ ਪਿੰਡ ਦਾ ਮੈਂਬਰ ਜਾਂ ਸਰਪੰਚ ਬਣਿਆ ਸੀ। ਉਨਾਂ ਕਿਹਾ ਕਿ ਜੇਕਰ ਪੰਚਾਇਤਾਂ ਨਸ਼ੇ ਦੇ ਵਪਾਰੀਆਂ ਵਿਰੁੱਧ ਸਾਹਮਣੇ ਨਹੀਂ ਆਉਂਦੀਆਂ ਤਾਂ ਸਰਕਾਰ ਲਈ ਇਹ ਕੰਮ ਕਰਨਾ ਔਖਾ ਹੋ ਜਾਵੇਗਾ। ਸ੍ਰੀ ਸਭਰਵਾਲ ਨੇ ਕਿਹਾ ਕਿ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਵਿਅਕਤੀਆਂ ਦਾ ਸਮਾਜਿਕ ਬਾਈਕਾਟ ਕਰਨ, ਜੋ ਕਿ ਨਸ਼ੇ ਦੇ ਧੰਦੇ ਵਿਚ ਲੱਗੇ ਹੋਏ ਹਨ।
ਉਨਾਂ ਪੰਚਾਇਤਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਥਾਣੇ ਵਿਚ ਇਸ ਮੁੱਦੇ ਉਤੇ ਕੋਈ ਗੱਲ ਨਹੀਂ ਸਣਦਾ ਤਾਂ ਤੁਸੀਂ ਐਸ ਪੀ (ਹੈਡਕੁਆਰਟਰ) ਦਾ ਨੰਬਰ 98150-26876 ਅਤੇ ਸਪੈਸ਼ਲ ਟਾਸਕ ਫੋਰਸ ਦੇ ਨੰਬਰ 97797-30009 ਉਤੇ ਵੀ ਆਪਣੀ ਮੁਸ਼ਕਿਲ ਦੱਸ ਸਕਦੇ ਹੋ। ਉਨਾਂ ਮੋਹਤਬਰਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਨਾਉਣ ਕਿ ਅਗਲੇ 15 ਦਿਨਾਂ ਵਿਚ ਸਾਰੇ ਨਸ਼ੇ ਦੇ ਰੋਗੀਆਂ ਦਾ ਇਲਾਜ ਓਟ ਕੇਂਦਰਾਂ ਤੋਂ ਸ਼ੁਰੂ ਹੋ ਜਾਵੇ। ਉਨਾਂ ਪਿੰਡਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜਿਲਾ ਪ੍ਰਾਸ਼ਸਨ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਐਸ ਪੀ ਹੈਡਕੁਆਰਟਰ ਸ੍ਰੀ ਗੌਰਵ ਤੂਰਾ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੰਚਾਇਤ ਤੇ ਪੁਲਿਸ ਦੇ ਸਿੱਧੇ ਸਬੰਧ ਦੀ ਲੋੜ ਹੈ। ਉਨਾਂ ਦੱਸਿਆ ਕਿ ਸਾਂਝ ਕੇਂਦਰ ਵੀ ਪਿੰਡਾਂ ਵਿਚ ਖੇਡ ਸਭਿਆਚਾਰ ਵਿਕਸਤ ਕਰਨ ਲਈ ਕੰਮ ਕਰ ਰਹੇ ਹਨ ਅਤੇ ਪੁਲਿਸ ਕਿਸੇ ਵੀ ਸਮਗਲਰ ਨੂੰ ਬਖਸ਼ੇਗੀ ਨਹੀਂ। ਉਨਾਂ ਦੱਸਿਆ ਕਿ ਬੀਤੇ ਮਹੀਨੇ ਵਿਚ ਹੀ 20 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਫੜੀ ਗਈ ਹੈ ਅਤੇ ਹੁਣ ਤੱਕ 300 ਦੇ ਕਰੀਬ ਸਮਗਲਰ ਜੇਲਾਂ ਵਿਚ ਭੇਜੇ ਜਾ ਚੁੱਕੇ ਹਨ। ਐਸ ਡੀ ਐਮ ਸ੍ਰੀ ਸੁਰਿੰਦਰ ਸਿੰਘ ਨੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡਾਂ ਲਈ ਕੰਮ ਕਰਨ ਵਾਸਤੇ ਪ੍ਰੇਰਦੇ ਕਿਹਾ ਕਿ ਅੱਜ ਦੀ ਵੱਡੀ ਲੋੜ ਪਿੰਡਾਂ ਵਿਚੋਂ ਨਸ਼ਾ ਖਤਮ ਕਰਨ ਅਤੇ ਪਾਣੀ ਬਚਾਉਣ ਦੀ ਹੈ। ਜੇਕਰ ਆਪਾਂ ਇਹ ਕੰਮ ਕਰਨ ਵਿਚ ਸਫਲ ਹੁੰਦੇ ਹਾਂ ਤਾਂ ਸਾਡਾ ਭਵਿੱਖ ਬਹੁਤ ਸੰੁਦਰ ਹੋਵੇਗਾ।
ਕੈਪਸ਼ਨ
ਪੱਟੀ ਬਲਾਕ ਦੇ ਪੰਚਾਂ ਤੇ ਸਰਪੰਚਾਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ। ਨਾਲ ਹਨ ਐਸ ਡੀ ਐਮ ਸ੍ਰੀ ਸੁਰਿੰਦਰ ਸਿੰਘ ਤੇ ਐਸ ਪੀ ਸ੍ਰੀ ਗੌਰਵ ਤੂਰਾ।