ਪਰਾਲੀ ਪ੍ਬੰਧਨ ਸਬੰਧੀ ਡਿਪਟੀ ਕਮਿਸ਼ਨਰ ਨੇ ਕੰਬਾਈਨ ਮਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪਰਾਲੀ ਪ੍ਬੰਧਨ ਸਬੰਧੀ ਡਿਪਟੀ ਕਮਿਸ਼ਨਰ ਨੇ ਕੰਬਾਈਨ ਮਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 07 ਅਕਤੂਬਰ :
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਪਰਮਵੀਰ ਸਿੰਘ ਆਈ. ਏ. ਐਸ ਨੇ ਪਰਾਲੀ ਪ੍ਬੰਧਨ ਸਬੰਧੀ ਹਰੇਕ ਕੰਬਾਈਨ ਹਾਰਵੈਸਟਰ ‘ਤੇ ਸੁਪਰ ਐੱਸ. ਐੱਮ. ਐੱਸ ਸਿਸਟਮ ਲਗਾਉਣ ਸਬੰਧੀ ਕੰਬਾਈਨ ਮਾਲਕਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ, ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਪ੍ਰੋਜੈਕਟ ਡਾਇਰੈਕਟਰ ਆਤਮਾ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ, ਭਾਰਤ ਸਰਕਾਰ ਵਲੋਂ ਉੱਚੇਚੇ ਤੌਰ ‘ਤੇ ਪਹੁੰਚੇ ਅਬਜਵਰ ਦਾਨਿਸ਼ ਮੀਨਾ ਸਾਇੰਸਟਿਸਟ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨਵੀਂ ਦਿੱਲੀ ਅਤੇ ਜਿਲੇ ਦੇ ਕੰਬਾਈਨ ਮਾਲਕ ਹਾਜਰ ਸਨ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਤਰਨਤਾਰਨ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ, ਇਸ ਲਈ ਹਰੇਕ ਕੰਬਾਈਨ ਹਾਰਵੈਸਟਰ ‘ਤੇ ਸੁਪਰ ਐੱਸ. ਐੱਮ. ਐੱਸ ਸਿਸਟਮ ਲਗਾਇਆ ਜਾਵੇ ਤਾਂ ਜੋ ਸੁਪਰ ਐੱਸ. ਐੱਮ. ਐੱਸ ਸਿਸਟਮ ਦੁਆਰਾ ਕੁਤਰਾ ਕੀਤੀ ਗਈ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਇਆ ਜਾ ਸਕੇ। ਇਸਦੇ ਨਾਲ ਹੀ ਉਹਨਾਂ ਆਦੇਸ਼ ਦਿੱਤੇ ਕਿ ਕੋਈ ਵੀ ਕੰਬਾਈਨ ਹਾਰਵੈਸਟਰ ਰਾਤ ਨੂੰ ਝੋਨੇ ਦੀ ਕਟਾਈ ਨਹੀ ਕਰੇਗਾ ਤਾਂ ਜੋ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾ ਲਿਜਾਇਆ ਜਾ ਸਕੇ।ਡਿਪਟੀ ਕਮਿਸ਼ਨਰ ਤਰਨਤਾਰਨ ਦੇ ਇਹਨਾਂ ਆਦੇਸਾਂ ਨਾਲ ਕੰਬਾਈਨ ਹਾਰਵੈਸਟਰ ਮਾਲਕਾਂ ਨੇ ਵੀ ਆਪਣੀ ਸਹਿਮਤੀ ਪ੍ਰਗਟਾਈ।
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਸ਼ਾਮ 06 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ `ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਉਹਨਾਂ ਕਿਹਾ ਕਿ ਸ਼ਾਮ/ਰਾਤ ਨੂੰ ਤਰੇਲ ਪੈ ਜਾਣ ਕਾਰਨ ਝੋਨੇ ਦੀ ਫ਼ਸਲ ਸਿਲ੍ਹੀ ਹੋ ਜਾਂਦੀ ਹੈ ਅਤੇ ਕੰਬਾਇਨਾਂ ਇਸ ਸਿੱਲੀ ਫਸਲ ਨੂੰ ਕੱਟ ਦਿੰਦੀਆਂ ਹਨ। ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਅਸਿੱਧੇ ਤੌਰ `ਤੇ ਅਸਰ ਦੇਸ਼ ਦੇ ਉਤਪਾਦਨ `ਤੇ ਵੀ ਪੈਂਦਾ ਹੈ। ਸਿੱਲੀ ਫਸਲ ਕੱਟਣ ਕਾਰਨ ਨਮੀ ਸਰਕਾਰ ਦੀਆਂ ਨਿਰਧਾਰਤ ਸਪੈਸੀਫਿਕੇਸ਼ਨਜ਼ ਤੋਂ ਉੱਪਰ ਹੁੰਦੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ ਉਸ ਝੋਨੇ ਨੂੰ ਖਰੀਦਣ ਤੋਂ ਅਸਰਮਥ ਹੁੰਦੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਬੇ-ਵਜ੍ਹਾ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈਂਦਾ ਹੈ।