ਬੰਦ ਕਰੋ

ਪੁਲਿਸ ਲਾਈਨ ਤਰਨ ਤਾਰਨ ਵਿਖੇ ਅਮਨ ਸ਼ਾਂਤੀ ਲਈ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਪ੍ਰਕਾਸ਼ਨ ਦੀ ਮਿਤੀ : 21/10/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੁਲਿਸ ਲਾਈਨ ਤਰਨ ਤਾਰਨ ਵਿਖੇ ਅਮਨ ਸ਼ਾਂਤੀ ਲਈ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ
ਪੁਲਿਸ ਫੋਰਸ ਨੂੰ ਸੂਬੇ ਦੇ ਅਮਨ ਚੈਨ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਪੁਲਿਸ ਮੁਲਾਜ਼ਮਾਂ ‘ਤੇ ਮਾਣ-ਐਸ. ਐਸ. ਪੀ. ਸ੍ਰੀ ਗੌਰਵ ਤੂਰਾ
ਤਰਨ ਤਾਰਨ, 21 ਅਕਤੂਬਰ :
ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਗੌਰਵ ਤੂਰਾ ਦੀ ਅਗਵਾਈ ਵਿੱਚ ਅੱਜ ਪੁਲਿਸ ਲਾਈਨ ਤਰਨ ਤਾਰਨ ਵਿਖੇ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਵਿੱਚ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ।ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਸ੍ਰੀ ਕੰਵਲਜੀਤ ਸਿੰਘ ਬਾਜਵਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਪਰੇਡ ਵੱਲੋਂ ਬੈਂਡ ਦੀਆਂ ਧੁਨਾਂ ਤੇ ਸ਼ੋਕ ਸਲਾਮੀ ਦੇ ਕੇ ਸ਼ਹੀਦ ਪੁਲਿਸ ਮੁਲਾਜਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਗੌਰਵ ਤੂਰਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਪੁਲਿਸ ਨੇ ਰਾਜ ਵਿਚ ਅਮਨ ਕਾਨੂੰਨ ਸਥਾਪਿਤ ਕਰਨ ਵਿਚ ਅਹਿਮ ਭੁਮਿਕਾ ਨਿਭਾਈ ਹੈ।ਉਨ੍ਹਾਂ ਨੇ ਕਿਹਾ ਕਿ ਇਸ ਲਈ ਪੁਲਿਸ ਫੋਰਸ ਦੇ ਜਵਾਨਾਂ ਨੇ ਕਦੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਸੂਬੇ ਦੇ ਅਮਨ ਚੈਨ ਲਈ ਆਪਣੀਆਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟੇ।ਉਨ੍ਹਾਂ ਨੇ ਸ਼ਹਾਦਤ ਦੇਣ ਵਾਲੇ ਜਵਾਨਾਂ ਨੂੰ ਨਮਨ ਕਰਦਿਆਂ ਕਿਹਾ ਕਿ ਪੁਲਿਸ ਫੋਰਸ ਨੂੰ ਆਪਣੇ ਸ਼ਹੀਦ ਪੁਲਿਸ ਮੁਲਾਜ਼ਮਾਂ ‘ਤੇ ਮਾਣ ਹੈ।
ਸ੍ਰੀ ਗੌਰਵ ਤੂਰਾ ਨੇ ਕਿਹਾ ਕਿ ਪਿਛਲੇ ਸਮੇਂ ਜੋ ਪੁਲਿਸ ਮੁਲਾਜਮ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸਾਡੇ ਵੱਲੋਂ ਦਿੱਲੋਂ ਸਲਾਮ ਹੈ ਅਤੇ ਉਨ੍ਹਾਂ ਦੇ ਪਰਿਵਾਰਾ ਨਾਲ ਹਮੇਸ਼ਾ ਅਸੀ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਖੜੇ ਹਾਂ। ਜੋ ਜਵਾਨ ਆਪਣੇ ਦੇਸ਼ ਲਈ ਜਾਨ ਦਿੰਦੇ ਹਨ ਉਹ ਭਾਵੇਂ ਕਿਸੇ ਫੋਰਸ ਵਿੱਚ ਤਾਇਨਾਤ ਹੋਵੇ ਉਨ੍ਹਾਂ ਮਕਸਦ ਇੱਕ ਹੁੰਦਾ ਹੈ ਤੇ ਉਹ ਹੁੰਦਾ ਹੈ, ਸਿਰਫ ਦੇਸ਼ ਦੀ ਸੁਰੱਖਿਆ ਕਰਨਾ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਭਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਕੁਰਬਾਨੀਆਂ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫਰਜ਼ਾ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ ਅਤੇ ਜਿੱਥੇ ਸਾਡਾ ਦਿਲ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਵਿੱਚ ਫਕਰ ਨਾਲ ਭਰਿਆ ਹੁੰਦਾ ਹੈ ਉੱਥੇ ਹੀ ਅੱਖਾਂ ਵੀ ਨਮ ਹੁੰਦੀਆਂ ਹਨ।
ਇਸ ਮੌਕੇ ਦੇਸ਼ ਦੀਆਂ ਵੱਖ-ਵੱਖ ਸੁਰੱਖਿਆਂ ਫੋਰਸਾਂ ਦੇ ਸ਼ਹੀਦ ਹੋਏ ਅਫਸਰਾਂ ਅਤੇ ਜਵਾਨਾਂ ਦੇ ਨਾਮ ਦੀ ਸੂਚੀ ਪੜ ਕੇ ਉਨ੍ਹਾਂ ਨੂੰ ਯਾਦ ਕੀਤਾ ।ਇਸ ਮੌਕੇ ਅਪਣਾ ਫਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਫੌਜੀ ਬਲਾਂ ਦੇ ਅਫਸਰਾਂ ਅਤੇ ਜਵਾਨਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਇਨ੍ਹਾਂ ਸੂਰਬੀਰ ਬਹਾਦਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ।
ਉਪਰੰਤ ਪੁਲਿਸ ਅਧਿਕਾਰੀਆਂ ਵੱਲੋਂ ਸ਼ਹੀਦ ਪੁਲਿਸ ਕਰਮੀਆਂ ਦੇ ਪਰਿਵਾਰਾਂ ਨਾਲ ਮਿਲ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।