ਪੈਨਸ਼ਨ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤੀ ਗਈ 7 ਕਰੋੜ 87 ਲੱਖ 97 ਹਜ਼ਾਰ 250 ਰੁਪਏ ਦੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 08/01/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੈਨਸ਼ਨ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤੀ ਗਈ 7 ਕਰੋੜ 87 ਲੱਖ 97 ਹਜ਼ਾਰ 250 ਰੁਪਏ ਦੀ ਵਿੱਤੀ ਸਹਾਇਤਾ-ਡਿਪਟੀ ਕਮਿਸ਼ਨਰ
ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਂਦਾ ਹੈ 750 ਰੁਪਏ ਪ੍ਰਤੀ ਮਹੀਨਾ
ਤਰਨ ਤਾਰਨ 8 ਜਨਵਰੀ :
ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਹੀਨਾ ਨਵੰਬਰ 2019 ਦੌਰਾਨ ਜ਼ਿਲਾ ਤਰਨਤਾਰਨ ਦੇ 105063 ਯੋਗ ਲਾਭਪਾਤਰੀਆਂ ਨੂੰ 7 ਕਰੋੜ 87 ਲੱਖ 97 ਹਜ਼ਾਰ 250 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੈਨਸ਼ਨ ਸਕੀਮਾਂ ਤਹਿਤ ਸਹਾਇਤਾ ਰਾਸ਼ੀ ਦਾ ਭੁਗਤਾਨ ਆਨ ਲਾਈਨ ਅਦਾਇਗੀ ਰਾਹੀਂ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਮਹੀਨਾ ਦਸੰਬਰ, 2019 ਦੀ ਪੈਨਸ਼ਨ ਯੋਗ ਲਾਭਪਾਤਰੀਆਂ ਦੇ ਖਾਤੇ ਵਿੱਚ ਪਾਉਣ ਲਈ ਬਿੱਲ ਖਜ਼ਾਨਾ ਦਫ਼ਤਰ ਭੇਜੇ ਜਾ ਚੁੱਕੇ ਹਨ।
ਉਹਨਾਂ ਦੱਸਿਆਂ ਕਿ ਪੈਨਸ਼ਨ ਸਕੀਮਾਂ ਅਧੀਨ ਮਹੀਨਾ ਨਵੰਬਰ 2019 ਦੀ ਪੈਨਸ਼ਨ ਰਾਸ਼ੀ ਤਹਿਤ ਬੁਢਾਪਾ ਪੈਨਸ਼ਨ (ਜਨਰਲ) ਵਰਗ ਦੇ 53965 ਲਾਭਪਾਤਰੀਆਂ ਨੂੰ 4 ਕਰੋੜ 4 ਲੱਖ 73 ਹਜ਼ਾਰ 750 ਰੁਪਏ, ਬੁਢਾਪਾ ਪੈਨਸ਼ਨ (ਐੱਸ. ਸੀ.) ਵਰਗ ਦੇ 34502 ਲਾਭਪਾਤਰੀਆਂ ਨੂੰ 2 ਕਰੋੜ 58 ਲੱਖ 76 ਹਜ਼ਾਰ 500 ਰੁਪਏ, ਵਿਸ਼ੇਸ ਲੋੜਾਂ ਵਾਲੇ 9447 ਲਾਭਪਾਤਰੀਆਂ ਨੂੰ 70 ਲੱਖ 85 ਹਾਜ਼ਰ 250 ਰੁਪਏ ਅਤੇ 7152 ਆਸ਼ਰਿਤਾਂ ਬੱਚਿਆਂ ਨੂੰ 53 ਲੱਖ 61 ਹਜ਼ਾਰ 750 ਰੁਪਏ ਜਾਰੀ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਗਾਏ ਗਏ ਕੈਂਪਾਂ ਵਿੱਚ ਆਏ ਪੈਨਸ਼ਨ ਕੇਸਾਂ ਤਹਿਤ ਦਸੰਬਰ, 2019 ਤੱਕ ਕੁੱਲ਼ 16429 ਫਾਰਮ ਪ੍ਰਾਪਤ ਹੋਏ ਸਨ, ਜਿੰਨਾਂ ਵਿੱਚ 13077 ਕੇਸਾਂ ਦੀਆਂ ਅਰਜ਼ੀਆਂ ਪ੍ਰਵਾਨ ਕਰਕੇ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਸਹੂਲਤ ਦਿੱਤੀ ਗਈ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਕਿਰਨ ਸਿਆਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ 750 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ 65 ਸਾਲ ਤੋ ਵੱਧ ਪੁਰਸ਼ਾਂ ਅਤੇ 58 ਸਾਲ ਤੋ ਵੱਧ ਉਮਰ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਬਸ਼ਰਤੇ ਇਕੱਲੇ ਹੋਣ ‘ਤੇ 1500 ਰੁਪਏ ਅਤੇ ਦੋਨਾਂ ਦੀ ਆਮਦਨ 3000 ਰੁਪਏ ਮਹੀਨਾ ਤੋਂ ਵੱਧ ਨਹੀ ਹੋਣੀ ਚਾਹੀਦੀ।ਉਹਨਾਂ ਦੱਸਿਆ ਕਿ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਅਧੀਨ 58 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨਿਆਸ਼ਰਿਤ ਔਰਤਾਂ ਨੂੰ ਸਰਕਾਰ ਵੱਲੋ 750 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਆਸ਼ਰਿਤ ਬੱਚਿਆਂ ਦੀ ਵਿੱਤੀ ਸਹਾਇਤਾ ਸਕੀਮ ਅਧੀਨ ਵਿਧਵਾ ਔਰਤ ਦੇ ਦੋ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਕਿ ਸਕੂਲ ਵਿਚ ਪੜਦਾ ਹੋਵੇ ਅਤੇ ਉਸ ਦੀ ਉਮਰ 21 ਸਾਲ ਤੋ ਵੱਧ ਨਾ ਹੋਵੇ।ਇਹਨਾਂ ਬੱਚਿਆਂ ਦੀ ਗਾਰਡੀਅਨ ਉਸ ਦੀ ਮਾਤਾ ਹੁੰਦੀ ਹੈ।ਜੇਕਰ ਉਸ ਦੀ ਮੌਤ ਹੋ ਜਾਵੇ ਤਾ ਉਸ ਦਾ ਗਾਰਡੀਅਨ ਨਜ਼ਦੀਕੀ ਰਿਸ਼ਤੇਦਾਰ ਬਣ ਸਕਦਾ ਹੈ।ਇਸ ਸਕੀਮ ਤਹਿਤ ਸਰਕਾਰ ਵੱਲੋ 750 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਦਾ ਹੈ।ਉਹਨਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ ਜਿਸ ਵਿਅਕਤੀ ਦੀ ਦਿਵਿਆਂਗਤਾ 50 ਫੀਸਦੀ ਜਾਂ ਇਸ ਤੋ ਵੱਧ ਹੋਵੇ ਉਸ ਨੂੰ 750 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।