ਬੰਦ ਕਰੋ

ਪੋਸ਼ਣ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ੇਸ ਸੈਮੀਨਾਰ ਤੇ ਸਿਹਤਮੰਦ ਬੇਬੀ ਸ਼ੋਅ ਆਯੋਜਿਤ

ਪ੍ਰਕਾਸ਼ਨ ਦੀ ਮਿਤੀ : 24/09/2019
DC
 
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੋਸ਼ਣ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ੇਸ ਸੈਮੀਨਾਰ ਤੇ ਸਿਹਤਮੰਦ ਬੇਬੀ ਸ਼ੋਅ ਆਯੋਜਿਤ
ਗਰਭਵਤੀ ਔਰਤਾਂ  ਦੀ ਸੁਪੋਸ਼ਿਤ ਗੋਦ ਭਰਾਈ ਦੀ ਰਸਮ ਤੋਂ ਇਲਾਵਾ ਸਿਹਤਮੰਦ ਬੱਚਿਆਂ ਤੇੇ ਉਹਨਾਂ ਦੀਆਂ ਮਾਵਾਂ ਨੂੰ ਵਿਸ਼ੇਸ ਤੌਰ ‘ਤੇ ਕੀਤਾ ਸਨਮਾਨਿਤ 
ਤਰਨ ਤਾਰਨ, 24 ਸਤੰਬਰ :
ਪੋਸ਼ਣ ਅਭਿਆਨ ਤਹਿਤ ਮਨਾਏ ਜਾ ਰਹੇ ਪੋਸ਼ਣ ਮਹੀਨੇ ਦੌਰਾਨ ਅੱਜ ਸ੍ਰੀ ਗੂਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ ਇੱਕ ਵਿਸ਼ੇਸ ਸੈਮੀਨਾਰ ਤੇ ਸਿਹਤਮੰਦ ਬੇਬੀ ਸ਼ੋਅ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਅਨੂਪ ਕੁਮਾਰ, ਐੱਸ. ਡੀ. ਐੱਮ. ਸ੍ਰੀ ਸੁਰਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ, ਡਾ. ਨੀਰਜ ਲਤਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਲਵਲੀਨ ਕੌਰ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਣਜੀਤ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਰਭਵਤੀ ਮਾਵਾਂ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਅੱਜ ਦੇ ਇਸ ਵਿਸ਼ੇਸ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਹਿਤਮੰਦ ਬੱਚਿਆਂ ਤੇ ਉਹਨਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ।ਇਸਦੇ ਨਾਲ ਗਰਭਵਤੀ ਔਰਤਾਂ ਦੀ ਸੁਪੋਸ਼ਿਤ ਗੋਦ ਭਰਾਈ ਕੀਤੀ ਗਈ।ਇਸ ਤੋਂ ਇਲਾਵਾ ਬੱਚਿਆਂ ਦੇ ਮਾਹਿਰ ਡਾਕਟਰਾਂ ਵਲੋਂ ਵੀ ਬੱਚਿਆਂ ਦੇ ਸਹੀ ਪੋਸ਼ਟਿਕ ਆਹਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।
ਸਮਾਗਮ ਦੇ ਆਗਾਜ਼ ਵਿਚ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਵਲੋ ਜਾਗੋ ਕੱਢਦੇ ਹੋਏ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉ ਮਾਵਾਂ ਨੂੰ ਪੋਸ਼ਟਿਕ ਆਹਾਰ ਅਤੇ ਚੰਗੀਆਂ ਖੁਰਾਕਾਂ ਜਿਵੇ ਕਿ ਹਰੀਆਂ ਸਬਜ਼ੀਆਂ ਆਦਿ ਦਾ ਵੱਧ ਸੇਵਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਹਰੀਆਂ ਸਬਜ਼ੀਆਂ ਅਤੇ ਪੋਸ਼ਟਿਕ ਆਹਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੁੱਲਾਂ ਦੇ ਗੁਲਦੱਸਤੇ ਦੀ ਥਾਂ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਗੁਲਦਸਤਾ ਸਵਾਗਤੀ ਤੌਰ ‘ਤੇ ਦਿੱਤਾ ਗਿਆ ।  
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵਹਿਮਾਂ ਭਰਮਾਂ ਨੂੰ ਛੱਡਦੇ ਹੋਏ, ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਪੋਸ਼ਟਿਕ ਆਹਾਰ ਨੂੰ ਆਪਣੇ ਰੋਜ਼ਾਨਾ ਖਾਣੇ ਦਾ ਅਹਿਮ ਹਿੱਸਾ ਬਣਾਉਣ ਲਈ ਜ਼ੋਰ ਦਿੱਤਾ ਗਿਆ। ਇਸ ਮੌਕੇ ਉਹਨਾਂ ਹਾਜ਼ਰ ਔਰਤਾਂ ਨੂੰ ਜਾਗਰੂਕ ਮਾਂ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ 0-6 ਮਹੀਨੇ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ। ਉਹਨਾਂ ਕਿਹਾ ਕਿ ਮਾਵਾਂ ਨੂੰ ਆਪਣੇ ਬੱਚੇ ਨੂੰ ਆਪਣਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਨਰੋਆ ਤੇ ਸਿਹਤਮੰਦ ਰਹਿ ਸਕੇ।
ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੱਸਿਆ ਕਿ ਪੋਸ਼ਣ ਅਭਿਆਨ ਦਾ ਮੁੱਖ ਮੰਤਵ, ਬੱਚਿਆਂ ਵਿਚ ਕੁਪੋਸ਼ਣ ਅਤੇ ਬੋਣੇਪਣ ਤੋ ਬਚਾਅ ਕਰਨਾ ਅਤੇ ਘੱਟ ਕਰਨਾ, ਕੁਪੋਸ਼ਣ ਦੇ ਸ਼ਿਕਾਰ/ਘੱਟ ਭਾਰ ਵਾਲੇ, 0 ਤੋਂ 6 ਸਾਲ ਤੱਕ ਦੇ  ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 6 ਮਹੀਨੇ ਤੋਂ 59 ਮਹੀਨੇ ਤੱਕ ਦੇ ਬੱਚਿਆਂ ਵਿਚ ਅਨੀਮੀਆ ਸ਼ਿਕਾਰ ਬੱਚਿਆਂ ਦੀ ਸਿਹਤ ਵਿਚ ਸੁਧਾਰ ਕਰਨਾ, 15 ਤੋਂ 49 ਸਾਲ ਤੱਕ ਦੀਆਂ ਬੱਚੀਆਂ ਅਤੇ ਔਰਤਾਂ ਵਿਚ ਅਨੀਮੀਆ ’ਤੇ ਕੰਟਰੋਲ ਕਰਨਾ, ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦੀ ਗਿਣਤੀ ਵਿਚ ਸੁਧਾਰ ਕਰਨਾ ਹੈ। 
ਉਨ੍ਹਾਂ ਦੱਸਿਆ ਕਿ ਇਸ ਅਭਿਆਨ ਦੌਰਾਨ ਸਿਹਤ ਵਿਭਾਗ ਤੇ ਆਂਗਨਵਾਂੜੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਜਿੱਥੇ ਗਰਭਵਤੀ ਮਹਿਲਾਵਾਂ ਨੂੰ ਲੋੜੀਂਦੇ ਟੀਕਾਕਰਣ ਅਤੇ ਗਰਭ ’ਚ ਪਲ ਰਹੇ ਬੱਚੇ ਵਾਸਤੇ ਲੋੜੀਂਦੀ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਉੱਥੇ ਨਾਲ ਹੀ ਦੱੁਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਆਪਣੇ ਬੱਚਿਆਂ ਦੀ ਤੰਦਰੁਸਤ ਸਿਹਤ ਲਈ ਸੰਤੁਲਿਤ ਖੁਰਾਕ ਦੇ ਸੇਵਨ ਬਾਰੇ ਵੀ ਦੱਸਿਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ  ਮੁਹਿੰਮ ਦੇ ਤਹਿਤ ਪਹਿਲਾਂ ਵੀ ਪਿੰਡਾਂ ਵਿਚ ਸਮਾਜ ਅਧਾਰਿਤ ਗਤੀਵਿਧੀਆਂ ਅਤੇ ਵੀ. ਐਚ. ਐਸ. ਐਨ. ਡੀ. ਦੇ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੋਸ਼ਣ ਅਭਿਆਨ ਤਹਿਤ ਗਤੀਵਿਧੀਆਂ ਕਰਨ ਲਈ ਮਿਤੀ ਪਹਿਲੀ ਸਤੰਬਰ 2019 ਤੋਂ ਲੈ ਕੇ ਮਿਤੀ 30 ਸਤੰਬਰ 2019 ਤੱਕ ਕੈਲੰਡਰ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਗਰਭਵਤੀ ਔਰਤਾਂ ਦੀ ਗੋਦ ਭਰਾਈ ਤੇ 6 ਮਹੀਨੇ ਦੀ ਉਮਰ ਪੂਰੀ ਕਰਨ ਵਾਲੇ ਬਾਲਾਂ ਨੂੰ ਅੰਨ-ਗ੍ਰਹਿਣ ਕਰਵਾਉਣ ਤੋਂ ਇਲਾਵਾ ਬੱਚੀਆਂ ਅਤੇ ਔਰਤਾਂ ਨੂੰ ਅਨੀਮੀਆਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।    
————-