ਬੰਦ ਕਰੋ

ਪ੍ਰਵਾਸੀ ਭਾਰਤੀਆਂ ਦੇ ਹੋਮ ਆਈਸੋਲੇਸ਼ਨ ਹੋਣ ਲਈ 96 ਘੰਟੇ ਪਹਿਲਾਂ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਹੋਣਾ ਲਾਜ਼ਮੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 27/08/2020
Mission Fateh

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰਵਾਸੀ ਭਾਰਤੀਆਂ ਦੇ ਹੋਮ ਆਈਸੋਲੇਸ਼ਨ ਹੋਣ ਲਈ 96 ਘੰਟੇ ਪਹਿਲਾਂ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਹੋਣਾ ਲਾਜ਼ਮੀ-ਡਿਪਟੀ ਕਮਿਸ਼ਨਰ
ਘਰੇਲੂ ਇਕਾਂਤਵਾਸ ਲਈ ਨਿਯਮਾਂ ਵਿੱਚ ਤਬਦੀਲੀ-ਐੱਸ. ਡੀ. ਐੱਮ. ਤੋਂ ਲਿਖਤੀ ਮਨਜ਼ੂਰੀ ਦੀ ਲੋੜ ਨਹੀਂ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਲੋਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਤਰਨ ਤਾਰਨ, 27 ਅਗਸਤ :
ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਜ਼ੀਟਿਵ ਕੇਸਾਂ ਵਿੱਚ ਘਰੇਲੂ ਇਕਾਂਤਵਾਸ ਲਈ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਹੁਣ ਪਾਜ਼ੀਟਿਵ ਕੇਸਾਂ ਵਾਲੇ ਲੋਕਾਂ ਨੂੰ ਘਰੇਲੂ ਇਕਾਂਤਵਾਸ ਲਈ ਸਬੰਧਤ ਐਸ. ਡੀ. ਐਮ. ਤੋਂ ਲਿਖਤੀ ਮਨਜ਼ੂਰੀ ਦੀ ਲੋੜ ਨਹੀਂ ਹੈ ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਲਈ ਸਿਹਤ ਵਿਭਾਗ ਵੱਲੋਂ ਜਾਰੀ ਸਵੈ-ਮੁਲਾਂਕਣ ਫਾਰਮ ਤਸਦੀਕ ਕਰਵਾ ਕੇ ਘਰੇਲੂ ਹੋਮ ਆਈਸੋਲੇਸ਼ਨ ਹੋਇਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਇਸ ਲਈ ਸਬੰਧਤ ਵਿਅਕਤੀ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੇ ਹੋਮ ਆਈਸੋਲੇਸ਼ਨ ਹੋਣ ਲਈ 96 ਘੰਟੇ ਪਹਿਲਾਂ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਹੋਣਾ ਲਾਜ਼ਮੀ ਹੈ।ਉਹਨਾਂ ਕਿਹਾ ਕਿ ਜਿਹੜੇ ਪ੍ਰਵਾਸੀ ਭਾਰਤੀਆਂ ਨੇ ਟੈਸਟ ਨਹੀਂ ਕਰਵਾਇਆ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਆਈਸੋਲੇਸ਼ਨ ਕੇਂਦਰ ਵਿੱਚ ਜਾਣਾ ਲਾਜ਼ਮੀ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।ਉਹਨਾਂ ਕਿਹਾ ਕਿ ਸਿਹਤ ਮਾਹਰਾਂ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਤੰਬਰ ਮਹੀਨਾ ਕੋਰੋਨਾ ਮਹਾਂਮਾਰੀ ਦਾ ਪੀਕ ਹੋਵੇਗਾ, ਜਿਸ ਕਰਕੇ ਹਫਤਾਵਾਰੀ ਰੋਕਾਂ ਦਾ ਐਲਾਨ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਵਰਤਮਾਨ ਸਮੇਂ ਲੋਕਾਂ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਵੱਧ ਤੋਂ ਵੱਧ ਖਿਆਲ ਰੱਖਣ ਦੀ ਲੋੜ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ।
ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਕਮਿਊਨਿਟੀ ਹੈੱਲਥ ਸੈਂਟਰਾਂ ਵਿੱਚ ਵੀ ਟੈਸਟ ਕਰਨ ਲਈ ਸੈਪਲਿੰਗ ਸ਼ੂਰੂ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਲੋਕ ਕੋਰੋਨਾ ਦੇ ਲੱਛਣ ਹੋਣ ਤੇ ਤੁਰੰਤ ਟੈਸਟ ਕਰਵਾਉਣ ਕਿਉਂ ਜੋ ਇਸ ਦੇ ਸ਼ੁਰੂ ਵਿੱਚ ਪਤਾ ਲੱਗਣ ਤੇ ਬਿਮਾਰੀ ਨੂੰ ਜਲਦੀ ਰੋਕਿਆ ਜਾ ਸਕਦਾ ਹੈ ਅਤੇ ਨਾਲ ਹੀ ਘਰ ਵਿੱਚ ਬਜੁਰਗਾਂ ਅਤੇ ਗੰਭੀਰ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਦਰਪੇਸ਼ ਖਤਰੇ ਨੂੰ ਟਾਲਿਆ ਜਾ ਸਕਦਾ ਹੈ ।
—————-