ਬੰਦ ਕਰੋ

ਪੰਜਾਬ ਸਰਕਾਰ ਨੇ “ਕੋਵਾ” ਐਪ ਵਿੱਚ ਉਪਲਬੱਧ ਕਰਵਾਈ ਹਸਪਤਾਲਾਂ ਵਿੱਚ ਖਾਲੀ ਬਿਸਤਰਿਆਂ ਦੀ ਸੂਚਨਾ

ਪ੍ਰਕਾਸ਼ਨ ਦੀ ਮਿਤੀ : 22/08/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
“ਮਿਸ਼ਨ ਫ਼ਤਿਹ”
ਪੰਜਾਬ ਸਰਕਾਰ ਨੇ “ਕੋਵਾ” ਐਪ ਵਿੱਚ ਉਪਲਬੱਧ ਕਰਵਾਈ ਹਸਪਤਾਲਾਂ ਵਿੱਚ ਖਾਲੀ ਬਿਸਤਰਿਆਂ ਦੀ ਸੂਚਨਾ
ਕੋਵਿਡ-19 ਤੋਂ ਠੀਕ ਹੋਏ ਵਿਅਕਤੀ ਪਲਾਜ਼ਮਾ ਦਾਨ ਕਰਨ ਲਈ ਵੀ ਕੋਵਾ ਐਪ `ਤੇ ਕਰਵਾ ਸਕਦੇ ਹਨ ਆਪਣੀ ਰਜਿਸਟਰੇਸ਼ਨ
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਆਪਣੇ ਮੋਬਾਇਲ ਵਿਚ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ
ਤਰਨ ਤਾਰਨ, 22 ਅਗਸਤ :
ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਜਾਣਕਾਰੀ ਤੋਂ ਅਪਡੇਟ ਕਰਵਾਉਣ, ਕਰਫਿਊ ਦੌਰਾਨ ਜ਼ਰੂਰੀ ਕੰਮਾਂ ਲਈ ਆਉਣ-ਜਾਣ ਲਈ ਕਰਫਿਊ ਪਾਸ ਦੀ ਸਹੂਲਤ ਅਤੇ ਹੋਰ ਕਈ ਜ਼ਰੂਰੀ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ  “ਕੋਵਾ” ਐਪ ਬਣਾਈ ਗਈ ਹੈ, ਜੋ ਕਿ ਸੂਬਾ ਵਾਸੀਆਂ ਲਈ ਲਾਭਦਾਇਕ ਸਿੱਧ ਹੋ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਸਬੰਧੀ ਤਾਜਾ ਹਲਾਤਾਂ ਬਾਰੇ ਜਾਣਕਾਰੀ ਲਈ ਜਾਰੀ ਕੀਤੀ ਗਈ “ਕੋਵਾ” ਐਪ ਵਿਚ ਹੋਰ ਵਿਸ਼ੇਸ਼ਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ । 
ਉਹਨਾਂ ਕਿਹਾ ਕਿ ਇਸ ਐਪ ਰਾਹੀਂ ਜਿੱਥੇ ਸੂਬਾ ਵਾਸੀਆਂ ਨੂੰ ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਪਤਾ ਚੱਲਦਾ ਹੈ, ਉਥੇ ਹੀ ਦੇਸ਼ ਵਿੱਚ ਕੋਰੋਨਾ ਸਬੰਧੀ ਹਾਲਾਤਾਂ ਬਾਰੇ ਵੀ ਜਾਣਕਾਰੀ ਹਾਸਲ ਹੁੰਦੀ ਹੈ। ਉਹਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਹੁਣ “ਕੋਵਾ” ਐਪ ਵਿੱਚ ਕੁਝ ਹੋਰ ਮਹੱਤਵਪੂਰਨ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ, ਜਿਨਾਂ ਰਾਹੀਂ ਲੋਕਾਂ ਨੂੰ ਕਈ ਹੋਰ ਨਵੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਐਪ ਵਿੱਚ ਨਵੀਂ ਜਾਣਕਾਰੀ ਦਰਜ ਕੀਤੀ ਗਈ ਹੈ, ਜਿਸ ਰਾਹੀਂ ਸਾਨੂੰ ਜ਼ਿਲਾ ਵਾਰ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਅੰਦਰ ਕਿੱਥੇ-ਕਿੱਥੇ ਅਸੀਂ ਕੋਰੋਨਾ ਟੈਸਟ ਕਰਵਾ ਸਕਦੇ ਹਾਂ ਉਸ ਸਬੰਧੀ ਜਾਣਕਾਰੀ ਮਿਲਦੀ ਹੈ।। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਠੀਕ ਹੋਏ ਵਿਅਕਤੀ ਪਲਾਜ਼ਮਾ ਦਾਨ ਕਰਨ ਲਈ ਵੀ ਆਪਣੀ ਰਜਿਸਟਰੇਸ਼ਨ ਕੋਵਾ ਐਪ `ਤੇ ਕਰਵਾ ਸਕਦੇ ਹਨ।
ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬੈੱਡਾਂ ਦੀ ਸਹੂਲਤ ਦੇਖਣ ਲਈ ਚੈੱਕ ਬੈੱਡ ਅਵੇਲੇਬਿਲਿਟੀ ਆੱਪਸ਼ਨ ’ਤੇ ਜਾਇਆ ਜਾਵੇ, ਜਿੱਥੇ ਲੈਵਲ 1, ਲੈਵਲ 2 ਅਤੇ ਲੈਵਲ 3 ਸਹੂਲਤਾਂ ਦਾ ਪਤਾ ਲੱਗਦਾ ਹੈ। ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਲੈੱਵਲ-1 ਫੈਸਿਲਟੀ ਵਿੱਚ ਕੋਵਿਡ ਕੇਅਰ ਸੈਂਟਰ ਮਾਈ ਭਾਗੋ ਨਰਸਿੰਗ ਕਾਲਜ, ਤਰਨ ਤਾਰਨ ਸ਼ਾਮਲ ਹੈ। ਲੈੱਵਲ-2 ਵਿਚ ਸਿਵਲ ਹਸਪਤਾਲ ਤਰਨ ਤਾਰਨ ਆਈਸੋਲੇਸ਼ਨ ਵਾਰਡ ਸ਼ਾਮਲ ਹਨ। 
ਉਨ੍ਹਾਂ ਦਸਿਆ ਕਿ ਹੁਣ ਤੱਕ 52 ਲੱਖ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਰੇ ਜਿ਼ਲ੍ਹਾ ਵਾਸੀ ਆਪਣੇ ਫ਼ੋਨ `ਚ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ ਅਤੇ ਸਰਕਾਰ ਵੱਲੋਂ ਸਮੇਂ-ਸਮੇਂ `ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਅਸੀਂ ਇਸ ਮਹਾਂਮਾਰੀ `ਤੇ ਕਾਬੂ ਪਾ ਸਕੀਏ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਜਾ ਸੈਨੇਟਾਈਜ਼ ਕਰਨ ਅਤੇ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।    
—————-