ਬੰਦ ਕਰੋ

ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕਿਸਾਨਾਂ ਲਈ ਅਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 24/04/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕਿਸਾਨਾਂ ਲਈ ਅਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ
ਸਹੀ ਜਾਣਕਾਰੀ ਅਤੇ ਸਮੇਂ ਸਿਰ ਧਿਆਨ ਦੇ ਕੇ ਕਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ
ਤਰਨ ਤਾਰਨ, 24 ਅਪ੍ਰੈਲ:
ਪੰਜਾਬ ਸਰਕਾਰ ਨੇ ਕੋਵਿਡ 19 ਦੇ ਮੱਦੇਨਜ਼ਰ ਰਾਜ ਦੇ ਕਿਸਾਨਾਂ ਨੂੰ ਸੁਰੱਖਿਅਤ ਢੰਗ ਨਾਲ ਕਣਕ ਦੀ ਕਟਾਈ ਦੇ ਕਾਰਜ਼ ਨੂੰ ਨੇਪਰੇ ਚਾੜਨ ਲਈ ਵਿਸ਼ੇਸ ਅਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਕੋਵਿਡ-19 ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸ ਨਾਲ ਹੁੰਦੀ ਹੈ ਅਤੇ ਜ਼ਿਆਦਾਤਰ ਮੌਕਿਆਂ ਤੇ ਛਿੱਕਾਂ ਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਪ੍ਰਭਾਵਿਤ ਚੀਜ਼ਾਂ ਜਾਂ ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ।ਸਹੀ ਜਾਣਕਾਰੀ ਅਤੇ ਸਮੇਂ ਸਿਰ ਧਿਆਨ ਦੇ ਕੇ ਕਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।
ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਜਾਰੀ ਸਲਾਹ ਅਨੁਸਾਰ ਕਿਸਾਨ ਕੋਸ਼ਿਸ਼ ਕਰਨ ਕਿ ਮਜ਼ਦੂਰਾਂ ਤੋਂ ਵਾਢੀ ਕਰਵਾਉਣ ਦੀ ਬਜਾਏ ਮਸ਼ੀਨਾਂ ਨਾਲ ਵਾਢੀ ਕਰਨ ਨੂੰ ਪਹਿਲ ਦਿੱਤੀ ਜਾਵੇ ਅਤੇ ਇੱਕ ਮਸ਼ੀਨ ਨਾਲ ਜ਼ਰੂਰਤ ਅਨੁਸਾਰ ਘੱਟ ਤੋਂ ਘੱਟ ਵਿਅਕਤੀ ਹੀ ਲਗਾਏ ਜਾਣ।ਹਰ ਮਸ਼ੀਨ ਨੂੰ ਖੇਤ ਵਿੱਚ ਆਉਣ ਤੋਂ ਪਹਿਲਾਂ ਅਤੇ ਵਾਢੀ ਦੌਰਾਨ ਸਮੇਂ-ਸਮੇਂ ਤੇ ਸੈਨੀਟਾਈਜ਼ ਕੀਤਾ ਜਾਵੇ।ਵਾਢੀ ਦਾ ਕੰਮ ਕਰ ਰਿਹਾ ਹਰ ਵਿਅਕਤੀ ਕੱਪੜੇ ਦਾ ਮਾਸਕ ਜ਼ਰੂਰ ਪਹਿਨੇ ਅਤੇ ਇਸ ਨੂੰ ਸਮੇਂ-ਸਮੇਂ ਤੇ ਨਿਯਮਿਤ ਢੰਗ ਨਾਲ ਧੋਤਾ ਜਾਵੇ।ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹਰ ਸਮੇਂ ਇੱਕ ਦੂਜੇ ਕੋਲੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਖਾਣਾ ਖਾਣ, ਢੋਆ-ਢੁਆਈ ਆਦਿ ਸਮੇਂ ਵੀ ਸਮਾਜਿਕ ਦੂਰੀ ਰੱਖੀ ਜਾਵੇ । ਜੇਕਰ ਹੱਥਾਂ ਨਾਲ ਵਾਢੀ ਕੀਤੀ ਜਾ ਰਹੀ ਹੈ ਤਾਂ ਮਜਦੂਰਾਂ ਵਿਚਕਾਰ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਕਿਸਾਨ ਵੱਲੋਂ ਹਰ ਮਜਦੂਰ ਨੂੰ ਇੱਕ ਦੂਜੇ ਤੋਂ 4-5 ਫੁੱਟ ਦੀ ਦੂਰੀ ਰੱਖ ਕੇ ਵਾਢੀ ਕਰਨ ਦਾ ਪ੍ਰਬੰਧ ਕੀਤਾ ਜਾਵੇ ।
ਉਹਨਾਂ ਕਿਹਾ ਕਿ ਜਿਥੋਂ ਤੱਕ ਸੰਭਵ ਹੋ ਸਕੇ ਅਲੱਗ-ਅਲੱਗ ਸਮੇਂ ਅਨੁਸਾਰ ਵੰਡ ਕੇ ਵਾਢੀ ਕੀਤੀ ਜਾਵੇ ਤਾਂ ਜੋ ਇੱਕ ਦਿਨ ਵਿੱਚ ਇੱਕ ਸਮੇਂ ਤੇ ਜਿਆਦਾ ਇਕੱਠ ਤੋਂ ਬਚਿਆ ਜਾ ਸਕੇ।ਜੇਕਰ ਸੰਭਵ ਹੋਵੇ ਤਾਂ ਸਿਰਫ ਜਾਣਕਾਰ ਲੋਕਾਂ ਨੂੰ ਹੀ ਕੰਮ ਵਿੱਚ ਲਗਾਇਆ ਜਾਵੇ ਅਤੇ ਕੰਮ ਵਿੱਚ ਲਗਾਉਣ ਤੋਂ ਪਹਿਲਾਂ ਉਨਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਸ਼ੱਕੀ ਜਾਂ ਪੁਸ਼ਟੀ ਵਾਲੇ ਮਰੀਜ਼ ਤੋਂ ਕੰਮ ਕਰਵਾਉਣ ਤੋਂ ਪਰਹੇਜ਼ ਕੀਤਾ ਜਾ ਸਕੇ।ਫਸਲ ਨੂੰ ਸਾਫ-ਸਫਾਈ ਲਈ ਛੋਟੇ-ਛੋਟੇ ਢੇਰਾਂ ਵਿਚਕਾਰ 3-4 ਫੁੱਟ ਦੀ ਦੂਰੀ ਰੱਖੀ ਜਾਵੇ ਅਤੇ ਇੱਕ ਢੇਰ ਤੇ ਸਿਰਫ 1-2 ਲੋਕਾਂ ਨੂੰ ਸਫਾਈ ਕਰਨ ਦਾ ਕੰਮ ਦਿੱਤਾ ਜਾਵੇ।ਇਸ ਤੋਂ ਇਲਾਵਾ ਟਰਾਂਸਪੋਰਟ ਲਈ ਵਰਤੇ ਜਾਣ ਵਾਲੇ ਵਾਹਨ , ਬਾਰਦਾਨਾ ਅਤੇ ਪੈਕਿੰਗ ਦਾ ਹੋਰ ਸਮਾਨ ਵੀ ਸੈਨੀਟਾਈਜ਼ ਕੀਤੇ ਜਾਣ।
ਕੰਮ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਤਾ ਜਾਵੇ, ਹੱਥਾਂ ਦੀਆਂ ਤਲੀਆਂ, ਹੱਥਾਂ ਦਾ ਪਿਛਲਾ ਪਾਸਾ, ਉਂਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗਾ ਤੇ ਗੁੱਟਾਂ ਨੂੰ ਚੰਗੀ ਤਰਾਂ ਰਗੜ ਕੇ ਸਾਫ਼ ਕੀਤਾ ਜਾਵੇ।ਇਸ ਤੋਂ ਇਲਾਵਾ ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਘੱਟੋ-ਘੱਟ 3 ਐੱਮ. ਐੱਲ. ਸੈਨੀਟਾਈਜ਼ਰ ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲੋ। ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਵੀ ਸੈਨੀਟਾਈਜ਼ ਕਰੋ ।
ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਨਾਂ ਨੇ ਮਜਦੂਰਾਂ / ਕੰਬਾਈਨ ਅਪਰੇਟਰਾਂ ਨਾਲ ਕਰੰਸੀ ਨੋਟਾਂ ਵਿੱਚ ਲੈਣ-ਦੇਣ ਕੀਤਾ ਗਿਆ ਹੈ ਤਾਂ ਅਜਿਹਾ ਲੈਣ-ਦੇਣ ਕਰਨ ਤੋਂ ਤੁਰੰਤ ਬਾਅਦ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ ਅਤੇ ਦੂਜੇ ਵਿਅਕਤੀਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ ਜਾਵੇ।ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਥੋਂ ਤੱਕ ਹੋ ਸਕੇ ਆਨਲਾਈਨ ਅਦਾਇਗੀ ਕੀਤੀ ਜਾਵੇ
ਉਹਨਾਂ ਕਿਹਾ ਕਿ ਕੋਵਿਡ-19 ਬਾਰੇ ਕੋਈ ਵੀ ਅਫ਼ਵਾਹ ਜਾਂ ਗੱਲਾਂ ਨਾ ਫੈਲਾਈਆਂ ਜਾਣ ਅਤੇ ਪੁਖਤਾ ਕਰਨ ਤੋਂ ਬਾਅਦ ਹੀ ਜਾਣਕਾਰੀ ਨੂੰ ਅੱਗੇ ਸਾਂਝਾ ਕੀਤਾ ਜਾਵੇ । ਦੂਜੇ ਵਿਅਕਤੀਆਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਇਸ ਦੌਰਾਨ ਜੇਕਰ ਕੋਈ ਕਿਸੇ ਕੋਵਿਡ-19 ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ, ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ।ਇਸ ਦੇ ਸੰਬੰਧ ਵਿੱਚ ਤੁਰੰਤ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 01722920074 ਤੇ 088720-90029 ਜਾਂ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01852-222181 ਅਤੇ 01852-224115 ‘ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ ।