ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ
ਤਰਨ ਤਾਰਨ, 5 ਜੁਲਾਈ :
ਕੋਵਿਡ -19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਐਡਵਾਇਜ਼ਰੀ ਰਾਜ ਭਰ ਵਿੱਚ 7 ਮਈ, 2020 ਤੋਂ ਲਾਗੂ ਹੋਵੇਗੀ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਕੋਈ ਵੱਡਾ ਜਾਂ ਨਾਬਾਲਗ ਜੋ ਆਵਾਜਾਈ ਦੇ ਕਿਸੇ ਵੀ ਢੰਗ ਭਾਵ ਸੜਕ, ਰੇਲ ਜਾਂ ਹਵਾਈ ਯਾਤਰਾ ਜ਼ਰੀਏ ਪੰਜਾਬ ਆ ਰਿਹਾ ਹੈ, ਦੀ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਡਾਕਟਰੀ ਜਾਂਚ ਕੀਤੀ ਜਾਏਗੀ ਅਤੇ ਅਜਿਹੇ ਵਿਅਕਤੀ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੇਠ ਦਿੱਤੇ ਕਿਸੇ ਵੀ ਢੰਗ ਤਰੀਕੇ ਰਾਹੀਂ ਖੁਦ ਨੂੰ ਈ-ਰਜਿਸਟਰ ਕਰਨਾ ਹੋਵੇਗਾ।
ਜੇ ਵਿਅਕਤੀ ਸੜਕੀ ਯਾਤਰਾ ਰਾਹੀਂ ਆਪਣੇ ਨਿੱਜੀ ਵਾਹਨ ’ਤੇ ਆ ਰਿਹਾ ਹੈ ਤਾਂ ਉਸਨੂੰ ਆਪਣੇ ਮੋਬਾਈਲ ਫੋਨ ’ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਆਪਣੇ ਸਮੇਤ ਯਾਤਰਾ ਦੌਰਾਨ ਉਸ ਨਾਲ ਮੌਜੂਦ ਪਰਿਵਾਰ ਦੇ ਹਰੇਕ ਮੈਂਬਰ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਈ-ਰਜਿਸਟ੍ਰੇਸ਼ਨ ਸਲਿਪ ਡਾਊਨਲੋਡ ਕਰਕੇ ਆਪਣੇ ਵਾਹਨ ਦੇ ਅੱਗੇ ਵਾਲੇ ਸ਼ੀਸ਼ੇ ’ਤੇ ਲਗਾਉਣੀ ਹੋਵੇਗੀ। ਜੇ ਵਿਅਕਤੀ ਜਨਤਕ ਆਵਾਜਾਈ ਜਾਂ ਰੇਲ/ਹਵਾਈ ਯਾਤਰਾ ਰਾਹੀਂ ਆ ਰਿਹਾ ਹੈ ਤਾਂ ਉਸਨੂੰ ਮੋਬਾਇਲ ’ਤੇ ਇਹ ਸਲਿੱਪ ਆਪਣੇ ਕੋਲ ਰੱਖਣੀ ਹੋਵੇਗੀ ਜਾਂ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ http://cova.punjab.gov.in/registration ਪੋਰਟਲ ’ਤੇ ਲਾੱਗਇਨ ਕਰਕੇ ਕਰਕੇ ਯਾਤਰਾ ਦੌਰਾਨ ਆਪਣੇ ਨਾਲ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਸਮੇਤ ਖੁਦ ਦੀ ਈ-ਰਜਿਸਟੇ੍ਰਸ਼ਨ ਕਰਨੀ ਹੋਵੇਗੀ ਅਤੇ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਜੇ ਪੰਜਾਬ ਆਉਣ ਵਾਲਾ ਕੋਈ ਯਾਤਰੀ ਉਪਰੋਕਤ ਅਨੁਸਾਰ ਦੱਸੇ ਕਦਮਾਂ ਦਾ ਪਾਲਣ ਨਹੀਂ ਕਰਦਾ ਤਾਂ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਉਸਨੂੰ ਬਾਰਡਰ, ਰੇਲ, ਏਅਰਪੋਰਟ ਚੈਕ ਪੋਸਟ ਵਿਖੇ ਪੰਜਾਬ ਸਰਕਾਰ ਦੀ ਟੀਮ ਨਾਲ ਸਹਿਯੋਗ ਕਰਨ ਲਈ ਕਿਹਾ ਜਾਵੇਗਾ, ਜਿਸ ਵੱਲੋਂ ਡਾਟਾ ਲੈਣ ਦੀ ਪ੍ਰਕਿਰਿਆ ਮੌਕੇ ’ਤੇ ਹੀ ਕੀਤੀ ਜਾਵੇਗੀ। ਕਿਉਂਕਿ ਉਕਤ ਪ੍ਰਕਿਰਿਆ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਇਸ ਲਈ ਪੰਜਾਬ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਉਨਾਂ ਨੂੰ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਅਕਸਰ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੱਡ ਕੇ ਪੰਜਾਬ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਸੂਬੇ ਵਿੱਚ ਦਾਖ਼ਲ ਹੋਣ ਤੋਂ ਬਾਅਦ 14 ਦਿਨਾਂ ਦੇ ਸਵੈ-ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਉਨਾਂ ਨੂੰ ਆਪਣੀ ਸਿਹਤ ਦੀ ਸਥਿਤੀ ਬਾਰੇ ਕੋਵਾ ਐਪ ’ਤੇ ਰੋਜ਼ਾਨਾ ਅਪਡੇਟ ਕਰਨਾ ਹੋਵੇਗਾ ਜਾਂ 112 ’ਤੇ ਰੋਜ਼ਾਨਾ ਕਾਲ ਕਰਨੀ ਹੋਵੇਗੀ। ਜੇ ਉਹ ਮਹਿਸੂਸ ਕਰਦੇ ਹਨ ਕਿ ਉਨਾਂ ਵਿਚ ਕੋਵਿਡ-19 ਲੱਛਣ ਪੈਦਾ ਹੋ ਰਹੇ ਹਨ ਤਾਂ ਉਨਾਂ ਨੂੰ ਤੁਰੰਤ 104 ’ਤੇ ਕਾਲ ਕਰਨੀ ਹੋਵੇਗੀ। ਅੰਤਰਰਾਸ਼ਟਰੀ ਯਾਤਰੀਆਂ ਨੂੰ ਪਹਿਲੇ 7 ਦਿਨ ਸੰਸਥਾਗਤ ਇਕਾਂਤਵਾਸ ਅਤੇ ਅਗਲੇ 7 ਦਿਨ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ।
ਇਨਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਦੰਡਾਤਮਕ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ।
————-