ਬੰਦ ਕਰੋ

ਭਾਸ਼ਾ ਵਿਭਾਗ ਪੰਜਾਬ (ਜ਼ਿਲ੍ਹਾ ਤਰਨ ਤਾਰਨ) ਵੱਲੋਂ ਮਨਾਇਆ ਗਿਆ ਕਾਵਿ-ਉਤਸਵ

ਪ੍ਰਕਾਸ਼ਨ ਦੀ ਮਿਤੀ : 20/09/2023

ਭਾਸ਼ਾ ਵਿਭਾਗ ਪੰਜਾਬ (ਜ਼ਿਲ੍ਹਾ ਤਰਨ ਤਾਰਨ) ਵੱਲੋਂ ਮਨਾਇਆ ਗਿਆ ਕਾਵਿ-ਉਤਸਵ
ਅਹਨਦ ਗੋਪੀ ਨੇ ਝੂਮਣ ਲਗਾ ਦਿੱਤੇ ਸਰੋਤੇ -ਕਵਿਤਾ ਪ੍ਰੇਮ ਦੀ ਅਕੱਥ ਕਹਾਣੀ ਹੈ -ਡਾ. ਆਤਮ ਰੰਧਾਵਾ
ਤਰਨ ਤਾਰਨ 18 ਸਤੰਬਰ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਮਾਨਯੋਗ ਸ਼੍ਰੀ ਹਰਜੋਤ ਬੈੰਸ ਦੇ ਆਦੇਸ਼ਾਂ ਵਧੀਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਵੀਰਪਾਲ ਕੌਰ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਵੱਲੋਂ ਮਾਝਾ ਕਾਲਜ ਫ਼ਾਰ ਵੁਮੈਨ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਸਮਾਗਮ ‘ਕਾਵਿ ਉਤਸਵ’ ਕਰਵਾਇਆ ਗਿਆ। ਸਭ ਤੋੰ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਮਿੰਦਰ ਕੌਰ ਵੱਲੋਂ ਕੀਤਾ ਗਿਆ ਜਿਸਤੋਂ ਬਾਅਦ ਭਾਸ਼ਾ ਵਿਭਾਗ ਵੱਲੋਂ ‘ਜੀ ਆਇਆਂ ਨੂੰ’ ਕਹਿੰਦਿਆਂ ਡਾ. ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਤਰਨ ਤਾਰਨ ਵੱਲੋਂ ਆਏ ਹੋਏ ਮਹਿਮਾਨਾਂ ਦੀ ਜਾਣ -ਪਛਾਣ ਕਰਵਾਉਣ ਤੋੰ ਬਾਅਦ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਮਾਝਾ ਕਾਲਜ ਦੀ ਮੈਨੇਜ਼ਮੈੰਟ ਵੱਲੋਂ ਮਿਲੇ ਪ੍ਰਬੰਧਕੀ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਕਵਿਤਾ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਕਾਵਿ-ਆਲੋਚਕ ਡਾ. ਆਤਮ ਰੰਧਾਵਾ ਨੇ ਪ੍ਰਮੁੱਖ ਬੁਲਾਰੇ ਵਜੋੰ ਸ਼ਿਰਕਤ ਕਰਦਿਆਂ ਕਵਿਤਾ ਦੀਆਂ ਮਹੀਨ ਤੰਦਾਂ ਬਾਰੇ ਹਾਜ਼ਰ ਕਵੀਆਂ ਅਤੇ ਸਰੋਤਿਆਂ ਨਾਲ ਗੱਲਬਾਤ ਕੀਤੀ। ਆਪਣੀ ਗੱਲ ਜਾਰੀ ਰੱਖਦਿਆਂ ਉਹਨਾਂ ਕਿਹਾ ਕਿ ਕਵਿਤਾ ਇੱਕ ਬੁਝਾਰਤ ਹੈ,ਇੱਕ ਪ੍ਰੇਮ ਦੀ ਅਕੱਥ ਕਹਾਣੀ ਹੈ ਜਿਸ ਨੂੰ ਡੀਕੋਡਿੰਗ ਰਾਹੀਂ ਸਮਝਣਾ ਪੈੰਦਾ ਹੈ। ਪ੍ਰਸਿੱਧ ਪੱਛਮੀ ਚਿੰਤਕ ਰੋਲਾਂ ਬਾਰਤ ਦੇ ਸੰਕਲਪ ‘ਡੈੱਥ ਆਫ਼ ਆਥਰ’ ਦੇ ਹਵਾਲੇ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਵਿਤਾ ਦੇ ਇੱਕ ਅਰਥ ਹੋ ਹੀ ਨਹੀਂ ਸਕਦੇ ਸਗੋੰ ਇਹ ਬਹੁ-ਅਰਥੀ ਹੁੰਦੀ ਹੈ ਜਿਸ ਵਿੱਚ ਡੀ ਕਨਸਟਰੱਕਸ਼ਣ ਹੁੰਦੀ ਹੈ ਭਾਵ ਪਾਠਕ ਅਤੇ ਆਲੋਚਕ ਸਮੇਂ, ਸਪੇਸ ਅਤੇ ਸਥਿਤੀ ਅਨੁਸਾਤ ਕਵਿਤਾ ਵਿੱਚੋੰ ਨਵੀਨ ਅਰਥ ਨਵੀਨ ਸੰਦਰਭਾਂ ਵਿੱਚ ਤਲਾਸ਼ਦੇ ਰਹਿੰਦੇ ਹਨ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਸਿਖਰ ਉੱਤੇ ਪਹੁੰਚਾ ਦਿੱਤਾ। ਇਹਨਾਂ ਕਵੀਆਂ ਵਿਚ ਕੀਰਤ ਪ੍ਰਤਾਪ ਸਿੰਘ ਪੰਨੂ, ਪਰਜਿੰਦਰ ਕੌਰ ਕਲੇਰ, ਕੰਵਲਜੀਤ ਸਿੰਘ ਢਿੱਲੋੰ, ਜਸਵਿੰਦਰ ਸਿੰਘ ਢਿੱਲੋੰ, ਮਨਦੀਪ ਰਾਜਨ, ਗੁਰਜਿੰਦਰ ਸਿੰਘ ਬਘਿਆੜੀ, ਕੁਲਵੰਤ ਸਿੰਘ ਕੋਮਲ, ਜਸਵਿੰਦਰ ਸਿੰਘ ਮਾਣੋਚਾਹਲ, ਹਰਭਜਨ ਸਿੰਘ ਭੱਗਰੱਥ, ਕੰਵਲਜੀਤ ਕੌਰ ਢਿੱਲੋੰ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ ਖਾਰਾ, ਹਰਦਰਸ਼ਨ ਸਿੰਘ ਕਮਲ, ਗੁਰਚਰਨ ਸਿੰਘ ਸਭਰਾ, ਬਲਬੀਰ ਸਿੰਘ ਬੇਲੀ, ਗੁਰਮੀਤ ਸਿੰਘ ਨੂਰਦੀ ਅਤੇ ਬਲਵੀਰ ਸਿੰਘ ਲਹਿਰੀ ਨੇ ਆਪਣੀਆਂ ਕਾਵਿਕ ਤਰੰਗਾਂ ਨਾਲ ਸਮਾਗਮ ਨੂੰ ਚਾਰ-ਚੰਨ ਲਗਾ ਦਿੱਤੇ । ਉੱਘੇ ਲੋਕ-ਗਾਇਕ ਅਤੇ ਪੰਜਾਬੀ ਅਧਿਆਪਕ ਅਨਹਦ ਗੋਪੀ ਨੇ ਆਪਣੇ ਗੀਤਾਂ ਦੀ ਛਹਿਬਰ ਨਾਲ ਦਰਸ਼ਕ ਝੂਮਣ ਲਗਾ ਦਿੱਤੇ ਅਤੇ ਸਮਾਗਮ ਸਫ਼ਲਤਾ ਦਾ ਸਿਖਰ ਛੂਹ ਗਿਆ । ਸਮਾਗਮ ਨੂੰ ਅਦਬ, ਨਿਰੰਤਰਤਾ ਅਤੇ ਖਿੱਚ ਭਰਪੂਰ ਬਣਾਈ ਰੱਖਣ ਸਹਾਇਕ ਪ੍ਰੋਫ਼ੈਸਰ ਡਾ. ਪਰਮਜੀਤ ਕੌਰ ਦਾ ਢੁੱਕਵਾਂ ਮੰਚ ਸੰਚਾਲਨ ਸੋਨੇ ‘ਤੇ ਸੁਹਾਗਾ ਰਿਹਾ । ਮੁੱਖ ਮਹਿਮਾਨ ਵਜੋੰ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ. ਕਵਲਜੀਤ ਸਿੰਘ ਧੰਜੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ. ਗੁਰਬਚਨ ਸਿੰਘ ਲਾਲੀ ਨੇ ਸ਼ਾਨਦਾਰ ਸਮਾਗਮ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਤਰਨ ਤਾਰਨ ਅਤੇ ਮਾਝਾ ਕਾਲਜ ਫ਼ਾਰ ਵੂਮੈਨ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਇੱਕ ਸਾਰਥਿਕ ਉਪਰਾਲਾ ਹੈ। ਸਮਾਗਮ ਦੀ ਪ੍ਰਧਾਨਗੀ ਕਰਨ ਰਹੇ ਮਾਝਾ ਕਾਲਜ ਫ਼ਾਰ ਵੂਮੈਨ ਦੇ ਪ੍ਰਧਾਨ ਅਤੇ ਸੇਵਾ ਮੁਕਤ ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਰਮਿੰਦਰ ਕੌਰ ਨੇ ਸਮਾਗਮ ਦੇ ਅੰਤ ‘ਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਵਿਦਿਆਰਥੀਆਂ ਅਤੇ ਸਾਹਿਤਕਾਰਾਂ ਲਈ ਵਰਦਾਨ ਹਨ ਕਿਉੰਕਿ ਇਹ ਮੌਕਾ ਸਿੱਖਣ ਸਿਖਾਉਣ ਦਾ ਸਬੱਬ ਬਣਦਾ ਹੈ। ਆਪਣੇ ਸਾਹਿਤਕ ਸਫ਼ਰ ਦੀਆਂ ਯਾਦਾਂ ਤਾਜਾਂ ਕਰਦਿਆਂ ਉਹਨਾਂ ਨੇ ਸਾਹਿਤ ਦੀ ਮਨੁੱਖੀ ਜੀਵਨ ਵਿੱਚ ਭੂਮਿਕਾ ਬਾਰੇ ਵਿਸਥਾਰ ਸਹਿਤ ਗੱਲ ਕਰਦਿਆਂ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਝਾ ਕਾਲਜ ਫ਼ਾਰ ਵੂਮੈਨ ਅਜਿਹੇ ਸਾਹਿਤਕ ਅਤੇ ਸਾਰਥਿਕ ਸਮਾਗਮਾਂ ਲਈ ਹਮੇਸ਼ਾ ਸਹਿਯੋਗ ਦੇਣ ਲਈ ਤਿਆਰ ਰਹੇਗਾ। ਸਮਾਗਮ ਦੀ ਸਫ਼ਲਤਾ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਡਾ. ਪਰਮਜੀਤ ਕੌਰ, ਡਾ. ਹਰਦੀਪ ਕੌਰ, ਡਾ.ਪ੍ਰਭਜੀਤ , ਡਾ. ਅਵਨੀਤ ਕੌਰ (ਕਮਰਸ ਵਿਭਾਗ), ਪ੍ਰੋ ਸ਼ਰਨਜੀਤ ਕੌਰ, ਅਨੁਦੀਪ, ਰੇਨੂੰ ਬਾਲਾ ਜੀ, ਅਮਨਪ੍ਰੀਤ ਕੌਰ ਜੀ, ਕਾਲਜ ਦੀਆਂ ਵਿਦਿਆਰਥਣਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਦੇ ਸੀਨੀਅਰ ਸਹਾਇਕ ਸ. ਜਸਬੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਡਾ. ਹੀਰਾ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ ) ਤੋਂ ਇਲਾਵਾ ਤਰਨ ਤਾਰਨ ਜ਼ਿਲ੍ਹੇ ਦੇ ਸਾਹਿਤਕਾਰ ਅਤੇ ਕਲਾਕਾਰ ਹਾਜ਼ਰ ਸਨ।