ਬੰਦ ਕਰੋ

“ਮਿਸ਼ਨ ਫਤਹਿ” ਤਹਿਤ ਜ਼ਿਲੇ੍ਹ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇਖਣ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 17/07/2020
DC

ਦਫਤਰ ਜਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
“ਮਿਸ਼ਨ ਫਤਹਿ” ਤਹਿਤ ਜ਼ਿਲੇ੍ਹ ਵਿਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇਖਣ-ਡਿਪਟੀ ਕਮਿਸ਼ਨਰ
ਸਰਵੇ ਦੌਰਾਨ ਉੱਚ ਜੋਖਮ ਵਾਲੇ ਕੇਸਾਂ ਜਿਵੇਂ ਕਿ ਬੱਚੇ, ਬਜ਼ੁਰਗ, ਗੰਭੀਰ ਬਿਮਾਰੀਆਂ ਸ਼ੂਗਰ, ਉੱਚ ਖੂਨ ਦਬਾਅ ਆਦਿ ਨਾਲ ਗ੍ਰਸਤ ਵਿਅਕਤੀਆਂ ਦੀ ਵੀ ਕੀਤੀ ਜਾਵੇਗੀ ਸਕਰੀਨਿੰਗ
ਲੋਕਾਂ ਨੂੰ ਸਿਹਤ ਪ੍ਰੋਟੋਕਾਲ ਅਨੁਸਾਰ ਸਾਵਧਾਨੀਆਂ ਵਰਤਣ ਅਤੇ ਕਰੋਨਾ ਦੇ ਲੱਛਣ ਹੋਣ ‘ਤੇ ਟੈਸਟ ਕਰਵਾਉਣ ਦੀ ਕੀਤੀ ਅਪੀਲ
ਤਰਨ ਤਾਰਨ, 16 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਿਲੇ ਅੰਦਰ ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸ਼ੂਰੂ ਕੀਤੇ ਗਏ “ਮਿਸ਼ਨ ਫਤਿਹ” ਤਹਿਤ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਜਿਲਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਰਾਹੀਂ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਸਿਹਤ ਵਿਭਾਗ ਦੀਆਂ 1007 ਆਸ਼ਾ ਵਰਕਰਾਂ ਵੱਲੋਂ ਜ਼ਿਲ੍ਹੇ ਵਿੱਚ 30 ਸਾਲ ਤੋਂ ਵੱਧ ਉਮਰ ਦੇ ਲੱਗਭੱਗ 4,22,000 ਲੋਕਾਂ ਦਾ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਹੋਰ ਕਰੋਨਿਕ ਬਿਮਾਰੀਆਂ ਸੰਧੀ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਨਾਲ ਹੀ ਕਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਵੀ ਰਿਕਾਰਡ ਬਣਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਹੁਣ ਤੱਕ 90 ਫੀਸਦੀ ਤੋਂ ਵੱਧ ਸਰਵੇ ਪੂਰਾ ਹੋ ਚੁੱਕਾ ਹੈ ਅਤੇ ਸਰਵੇ ਦੌਰਾਨ ਕਰੋਨਾ ਵਾਇਰਸ ਦੇ ਲੱਛਣਾਂ ਵਾਲੇ 408 ਮਰੀਜ਼ ਸਾਹਮਣੇ ਆਏ ਸਨ, ਜਿੰਨ੍ਹਾਂ ਦੇ ਟੈਸਟ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਵੇ ਦੌਰਾਨ ਉੱਚ ਜੋਖਮ ਵਾਲੇ ਕੇਸਾਂ ਜਿਵੇਂ ਕਿ ਬੱਚੇ, ਬਜ਼ੁਰਗ, ਗੰਭੀਰ ਬਿਮਾਰੀਆਂ ਸ਼ੂਗਰ, ਉੱਚ ਖੂਨ ਦਬਾਅ ਆਦਿ ਨਾਲ ਗ੍ਰਸਤ ਵਿਅਕਤੀਆਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਕਰੀਨਿੰਗ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਉੱਚ ਜੋਖਮ ਵਾਲੇ ਵਿਅਕਤੀ ਆਪਣੇ ਘਰ ਤੋਂ ਬਾਹਰ ਨਾ ਨਿਕਲਣ ਅਤੇ ਹੱਥ ਧੋਣ, ਮਾਸਕ ਪਾਉਣ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।ਉਨਾਂ ਕਿਹਾ ਕਿ ਪੂਰੇ ਜਿਲੇ ਵਿਚ ਧਾਰਾ 144 ਦੀ ਪਾਲਣਾ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸਿਵਲ ਤੇ ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਿਲ ਹਨ।ਉਨਾਂ ਸਪੱਸ਼ਟ ਕੀਤਾ ਕਿ ਕਰੋਨਾ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਵਿਚ ਜੇਕਰ ਖੰਘ, ਜੁਕਾਮ ਆਦਿ ਦੇ ਲੱਛਣ ਹਨ ਤਾਂ ਉਹ ਆਪਣੇ ਕਰੋਨਾ ਟੈਸਟ ਲਈ ਨਮੂਨਾ ਦੇਣ ਤੋਂ ਝਿਜਕਣ ਨਾ ਤਾਂ ਜੋ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਵਿਰੁੱਧ ਜੰਗ ਨੂੰ ਜਿੱਤਣ ਲਈ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣ।
—————–