ਬੰਦ ਕਰੋ

“ਮਿਸ਼ਨ ਫ਼ਤਿਹ” ਤਹਿਤ ਕੋਵਿਡ-19 ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾਨਿਭਾ ਰਹੇ ਹਨ ਜੀ. ਓ. ਜੀਜ਼-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 16/06/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫ਼ਤਿਹ” ਤਹਿਤ ਕੋਵਿਡ-19 ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾਨਿਭਾ ਰਹੇ ਹਨ ਜੀ. ਓ. ਜੀਜ਼-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਜੀ. ਓ. ਜੀਜ਼ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 15 ਜੂਨ :
ਪੰਜਾਬ ਸਰਕਾਰ ਵੱਲੋਂ ਕੋਰੋਨਾ ‘ਤੇ ਕਾਬੂ ਪਾਉਣ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਵਾਸਤੇ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰੇਰਿਤ ਕਰਨ ਹਿੱਤ ਆਰੰਭੇ ਗਏ “ਮਿਸ਼ਨ ਫ਼ਤਿਹ” ਤਹਿਤ ਜ਼ਿਲ੍ਹੇ ਵਾਸੀਆਂ ਨੂੰ ਕੋਵਿਡ-19 ਤੋਂ ਬਚਾਅ ਲਈ ਜਾਗਰੂਕ ਕਰਨ ਵਿੱਚ ਜੀ. ਓ. ਜੀਜ਼ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜੀ. ਓ. ਜੀਜ਼ (ਖੁਸ਼ਹਾਲੀ ਦੇ ਰਾਖੇ) ਨੂੰ ਸਨਮਾਨਿਤ ਕਰਨ ਲਈ ਕਰਵਾਏ ਵਿਸ਼ੇਸ ਸਮਾਗਮ ਦੌਰਾਨ ਕੀਤਾ।ਇਸ ਮੌਕੇ ਉਹਨਾਂ ਜੀ. ਓ. ਜੀਜ਼ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ ਤੋਂ ਇਲਾਵਾ ਜੀ. ਓ. ਜੀਜ਼ ਦੇ ਜ਼ਿਲ੍ਹਾ ਮੁਖੀ ਸੇਵਾ-ਮੁਕਤ ਕਰਨਲ ਅਮਰਜੀਤ ਸਿੰਘ ਗਿੱਲ ਅਤੇ ਹੋਰ ਖੁਸ਼ਹਾਲੀ ਦੇ ਰਾਖੇ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੀ. ਓ. ਜੀਜ਼ ਵੱਲੋਂ ਆਪਣੇ ਪੱਧਰ ਉੱਤੇ ਪਿੰਡਾਂ ਵਿੱਚ ਲੋਕਾਂ ਨੂੰ “ਮਿਸ਼ਨ ਫ਼ਤਿਹ” ਦੇ ਮੁੱਢਲੇ ਉਦੇਸ਼ ਤਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਕੰਮ ਕਰਦੇ ਮੌਕੇ ਆਪਣਾ ਮੂੰਹ ਢੱਕ ਕੇ ਰੱਖਣ, ਹੱਥਾਂ ਨੂੰ ਨਿਸ਼ਚਿਤ ਸਮੇਂ ਬਾਅਦ ਧੋਣ, ਇੱਕ ਦੂਸਰੇ ਨੂੰ ਛੂਹਣ ਤੋਂ ਬਚਣ ਅਤੇ ਘੱਟ ਤੋਂ ਘੱਟ 6 ਗਜ਼ ਦਾ ਇੱਕ ਦੂਸਰੇ ਤੋਂ ਫ਼ਾਸਲਾ ਰੱਖਣ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਣਕ ਦੀ ਖਰੀਦ ਵਿਚ ਵੀ ਸਾਬਕਾ ਫੌਜੀਆਂ ਨੇ ਮੰਡੀਆਂ ਵਿਚ ਪਹੁੰਚ ਕੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਣਕ ਦੀ ਖਰੀਦ ਮੁਕੰਮਲ ਕਰਨ ਵਿਚ ਵੱਡੀ ਜ਼ਿੰਮੇਵਾਰੀ ਨਿਭਾਈ ਸੀ।
ਇਸ ਮੌਕੇ ਜੀ. ਓ. ਜੀਜ਼ ਦੇ ਜ਼ਿਲ੍ਹਾ ਮੁਖੀ ਸੇਵਾ ਮੁਕਤ ਕਰਨਲ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸਮੂਹ ਜੀ. ਓ. ਜੀਜ਼ ਨੂੰ ਮਿਸ਼ਨ ਫ਼ਤਿਹ ਦੇ ਮੰਤਵ ਨੂੰ ਘਰ-ਘਰ ਪਹੁੰਚਾਉਣ ਲਈ ਕਿਹਾ ਗਿਆ ਹੈ ਤਾਂ ਜੋ ਆਪਣੇ ਜ਼ਿਲ੍ਹੇ ਅਤੇ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਆਰੰਭੇ ਯਤਨਾਂ ਨੂੰ ਰਲ-ਮਿਲ ਕੇ ਕਾਮਯਾਬ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਚੱਲਦੇ ਸਰਕਾਰੀ, ਗੈਰ-ਸਰਕਾਰੀ ਤੇ ਨਿੱਜੀ ਕਾਰੋਬਾਰ ਦੇ ਨਾਲ-ਨਾਲ ਕਿਰਸਾਨੀ ਖੇਤਰ ਵਿਚ ਲੱਗੇ ਕਾਮਿਆਂ ਨੂੰ ਵੀ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਜਾ ਰਿਹਾ ਹੈ, ਤਾਂ ਜੋ ਪੇਂਡੂ ਖੇਤਰ ਕੋਵਿਡ-19 ਦੀ ਲਾਗ ਤੋਂ ਬਚੇ ਰਹਿਣ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮਨਰੇਗਾ ਕਾਮਿਆਂ ਤੱਕ ਵੀ ਸਾਬਕਾ ਫੌਜੀ ਜਵਾਨਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਕੋਵਿਡ-19 ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸ ਰਹੇ ਹਨ।
————-