ਬੰਦ ਕਰੋ

ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਲੋਕਾਂ ਦਾ ਸਾਥ ਲੈਣ ਲਈ ਘਰ-ਘਰ ਜਾ ਕੇ ਦਿੱਤੀ ਜਾਵੇਗੀ ਦਸਤਕ

ਪ੍ਰਕਾਸ਼ਨ ਦੀ ਮਿਤੀ : 28/04/2025

ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਨਿਰਣਾਇਕ ਲੜਾਈ ਵਿੱਚ ਲੋਕਾਂ ਦਾ ਸਾਥ ਬਹੁਤ ਜ਼ਰੂਰੀ-ਸੋਨੀਆ ਮਾਨ
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਲੋਕਾਂ ਦਾ ਸਾਥ ਲੈਣ ਲਈ ਘਰ-ਘਰ ਜਾ ਕੇ ਦਿੱਤੀ ਜਾਵੇਗੀ ਦਸਤਕ
ਮਾਝੇ ਦੀ ਪਵਿੱਤਰ ਧਰਤੀ ‘ਤੇ ਨਸ਼ਿਆਂ ਦੇ ਇਸ ਕਲੰਕ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ ਮੁਹਿੰਮ
ਤਰਨ ਤਾਰਨ, 28 ਅਪ੍ਰੈਲ :
ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਲੋਕਾਂ ਦਾ ਸਹਿਯੋਗ ਲੈਣ ਲਈ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ “ਨਸ਼ਾ ਮੁਕਤੀ ਮੋਰਚਾ” ਦੇ ਮਾਝਾ ਕੋਆਰਡੀਨੇਟਰ ਸੋਨੀਆ ਮਾਨ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵਿਸ਼ੇਸ ਪ੍ਰੈਸ ਕਾਨਫਰੰਸ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਅਮਿੰਦਰ ਸਿੰਘ ਐਮੀ ਤੋਂ ਇਲਾਵਾ ਵੱਖ-ਵੱਖ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਹਲਕਾ ਕੋਆਰਡੀਨੇਟਰ, ਸ੍ਰੀ ਪਰਮਜੀਤ ਸਿੰਘ ਹਲਕਾ ਪੱਟੀ, ਡਾ. ਗੁਰਦਿਆਲ ਸਿੰਘ ਹਲਕਾ ਖੇਮਕਰਨ, ਸ੍ਰੀ ਜਸਕਰਨ ਸਿੰਘ ਲਾਡੀ ਹਲਕਾ ਖਡੂਰ ਸਾਹਿਬ ਅਤੇ ਸ੍ਰੀ ਕੁਲਦੀਪ ਸਿੰਘ ਢਿਲੋਂ ਹਲਕਾ ਤਰਨ ਤਾਰਨ ਹਾਜ਼ਰ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਨਿਰਣਾਇਕ ਲੜਾਈ ਵਿੱਢੀ ਗਈ ਹੈ, ਜਿਸ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਉੁਹਨਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਲੋਕਾਂ ਦਾ ਸਾਥ ਲੈਣ ਲਈ ਘਰ-ਘਰ ਜਾ ਕੇ ਦਸਤਕ ਦਿੱਤੀ ਜਾਵੇਗੀ ।
ਉਹਨਾਂ ਕਿਹਾ ਕਿ ਨਸ਼ਾ ਮੁਕਤੀ ਮੋਰਚਾ ਅਧੀਨ ਪਿੰਡ ਤੇ ਵਾਰਡ ਪੱਧਰ `ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਵਲੰਟੀਅਰ ਘਰ-ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਗੇ। ਜੇਕਰ ਕੋਈ ਉਸ ਪਰਿਵਾਰ ਦਾ ਮੈਂਬਰ ਨਸ਼ਾ ਕਰਦਾ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਉਹਨਾਂ ਕੋਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਮੰਗਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਮੁਹਿੰਮ ਪਹਿਲਾਂ ਪਿੰਡਾਂ ਵਿੱਚ ਚਲਾਈ ਜਾਵੇਗੀ, ਫਿਰ ਛੋਟੇ ਕਸਬਿਆਂ ਅਤੇ ਸ਼ਹਿਰਾਂ ਦੇ ਵਿੱਚ ਇਸ ਲੜੀ ਤਹਿਤ ਲੋਕਾਂ ਤੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਸਹਿਯੋਗ ਲਿਆ ਜਾਵੇਗਾ।
ਸ੍ਰੀਮਤੀ ਸੋਨੀਆ ਮਾਨ ਨੇ ਕਿਹਾ ਕਿ ਸਾਡੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਅਸੀਂ ਮਾਝੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਵਾਂਗੇ। ਉਹਨਾਂ ਕਿਹਾ ਕਿ ਪ੍ਰਮਾਤਮਾ ਦੇ ਆਸ਼ੀਰਵਾਦ ਸਕਦਾ, ਗੁਰੂਆਂ, ਪੀਰਾਂ ਦੀ ਇਸ ਪਵਿੱਤਰ ਧਰਤੀ ‘ਤੇ ਨਸ਼ਿਆਂ ਦੇ ਇਸ ਕਲੰਕ ਦੇ ਮੁਕੰਮਲ ਖਾਤਮੇ ਤੱਕ ਸਾਡੀ ਮੁਹਿੰਮ ਜਾਰੀ ਰਹੇਗੀ ਅਤੇ ਅਸੀਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਨਸ਼ਾ ਦੇ ਆਦੀ ਹਨ, ਉਹਨਾਂ ਬਾਰੇ ਪੁਲਿਸ ਨੂੰ ਹਦਾਇਤਾਂ ਹਨ ਕਿ ਉਹਨਾਂ ਵਿਰੁੱਧ ਕਾਰਵਾਈ ਨਹੀਂ, ਉਹਨਾਂ ਦਾ ਇਲਾਜ ਕਰਵਾਇਆ ਜਾਵੇ। ਇਸ ਲਈ ਅਸੀਂ ਨਸ਼ਾ ਛਡਾਊ ਕੇਂਦਰਾਂ ਵਿੱਚ ਉਹਨਾਂ ਦਾ ਇਲਾਜ ਕਰਵਾਉਣ ਦੇ ਪ੍ਰਬੰਧ ਕੀਤੇ ਹਨ। ਉਹਨਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਸਰਕਾਰੀ ਨੌਕਰੀਆਂ ਵਿੱਚ ਭਰਤੀ ਚੱਲ ਰਹੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਹੁਨਰਮੰਦ ਸਿੱਖਿਆ ਦੇਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।