ਬੰਦ ਕਰੋ

ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ‘ਤੇ ਕੱਢਿਆ ਜਾਵੇਗਾ ਸ਼ਾਂਤੀ ਮਾਰਚ-ਡਿਪਟੀ ਕਮਿਸ਼ਨਰ ਤਰਨ ਤਾਰਨ

ਪ੍ਰਕਾਸ਼ਨ ਦੀ ਮਿਤੀ : 30/09/2019
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ‘ਤੇ ਕੱਢਿਆ ਜਾਵੇਗਾ ਸ਼ਾਂਤੀ ਮਾਰਚ-ਡਿਪਟੀ ਕਮਿਸ਼ਨਰ
ਮਾਰਚ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨਾ ਕਰਨ, ਵਾਤਾਵਰਣ ਨੂੰ ਸਾਫ ਰੱਖਣ ਲਈ ਰੁੱਖ ਲਗਾਉਣ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋ ਕਰਨ ਸਬੰਧੀ ਕੀਤਾ ਜਾਵੇਗਾ ਜਾਗਰੂਕ
ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਤਰਨ ਤਾਰਨ, 30 ਸਤੰਬਰ :
ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਵਰੇ੍ਹਗੰਢ 2 ਅਕਤੂਬਰ, 2019 ਨੂੰ  ਸੁੱਚਜੇ ਢੰਗ ਨਾਲ ਮਨਾਉਣ ਲਈ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਉੱਚ-ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਕੁਮਾਰ ਆਈ. ਏ. ਐੱਸ., ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਘ ਧਾਲੀਵਾਲ, ਐਕਸੀਅਨ ਸੈਨੀਟੇਸ਼ਨ ਤੇ ਜਲ ਸਪਲਾਈ ਸ੍ਰੀ ਨਰਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਤਰਨ ਤਾਰਨ ਸ੍ਰੀ ਅਨਿਲ ਚੋਪੜਾ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ।
      ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਮਨਾਉਣ ਲਈ ਇੱਕ ਸ਼ਾਂਤੀ ਮਾਰਚ ਕੱਢਿਆ ਜਾਵੇਗਾ, ਇਹ ਸ਼ਾਂਤੀ ਮਾਰਚ ਨਗਰ ਕੌਸ਼ਲ ਦਫ਼ਤਰ ਤਰਨ ਤਾਰਨ ਤੋਂ ਸ਼ੁਰੂ ਹੋ ਕੇ ਤਹਿਸੀਲ ਦਫ਼ਤਰ, ਬੋਹੜੀ ਚੌਂਕ ਅਤੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਨਗਰ ਕੌਸ਼ਲ ਦਫ਼ਤਰ ਵਿਖੇ ਹੀ ਸਮਾਪਤ ਹੋਵੇਗਾ। ਇਸ ਸ਼ਾਂਤੀ ਮਾਰਚ ਦੌਰਾਨ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨਾ ਕਰਨ, ਵਾਤਾਵਰਣ ਨੂੰ ਸਾਫ ਰੱਖਣ ਲਈ ਰੁੱਖ ਲਗਾਉਣ, ਆਲਾ-ਦੁਆਲਾ ਸਾਫ ਰੱਖਣ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਜੀਵੀਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ ਕਪੜੇ ਦੇ ਥੈਲੇ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਸਸਤੇ ਭਾਅ ‘ਤੇ ਅਸਾਨੀ ਨਾਲ ਕੱਪੜੇ ਦੇ ਥੈਲੇ ਮਿਲ ਸਕਣ।
ਇਸ ਮੌਕੇ ਉਹਨਾਂ ਨਗਰ ਕੌਸ਼ਲ ਨੂੰ ਹਦਾਇਤ ਕੀਤਾ ਕਿ ਉਹ ਦੁਕਾਨਦਾਰਾਂ, ਸਬਜ਼ੀ ਆਦਿ ਦਾ ਸਮਾਨ ਵੇਚਣ ਵਾਲੇ ਰੇਹੜੀਆਂ ਵਾਲਿਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਨਾ ਕਰਨ ਲਈ ਪ੍ਰੇਰਿਤ ਕਰਨ ਅਤੇ ਜੇਕਰ ਕਿਸੇ ਦੁਕਾਨਦਾਰ ਪਾਸ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਪਾਏ ਜਾਂਦੇ ਹਨ, ਉਹਨਾਂ ਨੂੰ ਜ਼ਬਤ ਕੀਤਾ ਜਾਵੇ। ਹਰ ਦੁਕਾਨ ਤੇ ਉਤੇ ਪਲਾਸਟਿਕ ਦੇ ਲਿਫਾਫੇ ਨਾ ਵਰਤੋ ਦੇ ਸਟਿੱਕਰ ਲਗਵਾਏ ਜਾਣ ਅਤੇ ਸ਼ਹਿਰ ਦੀ ਸਫਾਈ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।    
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜ਼ਿਲਾ ਤਰਨ ਤਾਰਨ ਵਿੱਚ ਸਬੰਧਿਤ ਵਿਭਾਗਾਂ ਰਾਹੀਂ ਸ਼ਹਿਰਾਂ ਤੇ ਪਿੰਡਾਂ ਵਿੱਚ 2 ਅਕਤੂਬਰ ਨੂੰ ਸਾਰੇ ਲੋਕ ਸ਼੍ਰਮਦਾਨ ਰਾਹੀਂ ਪੌਲੀਥੀਨ ਇੱਕਠਾ ਕਰਨਗੇ ਅਤੇ ਅੱਗੇ ਤੋਂ ਪੌਲੀਥੀਨ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕਣਗੇ। ਇਸ ਤੋਂ ਬਾਅਦ ਨਗਰ ਕੌਂਸ਼ਲਾਂ ਰਾਹੀਂ 3 ਤੋਂ 7 ਅਕਤੂਬਰ ਤੱਕ ਇਹ ਇੱਕਠਾ ਕੀਤਾ ਪਲਾਸਟਿਕ ਆਪਣੀ ਸੰਗ੍ਰਿਹ ਕੇਂਦਰ ‘ਤੇ ਲੈ ਕੇ ਜਾਇਆ ਜਾਵੇਗਾ, ਜਿੱਥੇ 11 ਅਕਤੂਬਰ ਤੱਕ ਇਸਦਾ ਵਰਗੀਕਰਨ ਕਰਕੇ ਇਸਨੂੰ ਅੰਤਿਮ ਨਿਪਟਾਰੇ ਲਈ ਭੇਜ ਦਿੱਤਾ ਜਾਵੇਗਾ।