ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਸਰਕਾਰੀ ਸੈਕੈਂਡਰੀ ਸਕੂਲ ਦੁਬਲੀ ਵਿਖੇ ਜਾਣਕਾਰੀ ਦਿੱਤੀ ਗਈ
ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਸਰਕਾਰੀ ਸੈਕੈਂਡਰੀ ਸਕੂਲ ਦੁਬਲੀ ਵਿਖੇ ਜਾਣਕਾਰੀ ਦਿੱਤੀ ਗਈ
ਵਿਦਿਆਰਥੀ ਘਟਨਾਵਾਂ ਅਤੇ ਸਮੱਸਿਆਵਾਂ ਤੋਂ ਜਾਗਰੂਕ ਹੋ ਕੇ ਇਹਨਾਂ ਦੇ ਨਿਵਾਰਨ ਲਈ ਸਹਿਯੋਗ ਕਰਨ: ਡਾ ਭੁਪਿੰਦਰ ਸਿੰਘ ਏਓ
ਤਰਨ ਤਾਰਨ 24 ਅਕਤੂਬਰ:
ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਪਰਮਵੀਰ ਸਿੰਘ ਆਈਏਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੀ ਦੇਖ ਰੇਖ ਹੇਠ ਸੂਚਨਾ , ਸਿੱਖਿਆ ਤੇ ਪ੍ਰਸਾਰ ਗਤੀਵਿਧੀਆਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ, ਪੱਟੀ ਨੇ ਸਰਕਾਰੀ ਸੈਕੰਡਰੀ ਸਕੂਲ, ਦੁਬਲੀ ਵਿਖੇ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਪ੍ਰੋਗਰਾਮ ਆਯੋਜਿਤ ਕੀਤਾ । ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਸ਼ਣ , ਕਵਿਤਾ ਅਤੇ ਪੇਟਿੰਗ ਆਦਿ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਬਹੁਤ ਵਧੀਆ ਪੇਸ਼ਕਾਰੀ ਕੀਤੀ। ਜਿਸ ਦੀ ਪ੍ਰਸ਼ੰਸਾ ਕਰਦਿਆ ਡਾ. ਭੁਪਿੰਦਰ ਸਿੰਘ ਏਓ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਵਿਦਿਆਰਥੀ ਆਉਣ ਵਾਲੇ ਭਵਿੱਖ ਦੇ ਨਿਰਮਾਤਾ ਹਨ ਸੋ ਉਹਨਾਂ ਨੂੰ ਅਜੋਕੇ ਸਮੇਂ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ ਤਾਂ ਕਿ ਉਹ ਵੀ ਇਹਨਾਂ ਸਮੱਸਿਆਵਾਂ ਦੇ ਨਿਵਾਰਨ ਲਈ ਸੋਚਣ ਦੇ ਇਸ ਪੜਾਅ ਵਿੱਚ ਸ਼ਾਮਿਲ ਹੋ ਸਕਣ। ਪਰਾਲੀ ਪ੍ਰਬੰਧਨ ਵਿਸ਼ੇ ਤੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਸਾੜਨ ਨਾਲ ਸੂਖ਼ਮ ਜੀਵ, ਕੀਟ ਪਤੰਗੇ, ਪੰਛੀ ਆਦਿ ਜਿਹੜੇ ਭੂਮੀ ਅਤੇ ਫਸਲਾਂ ਦੇ ਮਿੱਤਰ ਹੁੰਦੇ ਹਨ ਅਤੇ ਇਹ ਧਰਤੀ ਦੀ ਉਪਰਲੀ ਸਤਹਿ ਅਤੇ ਬਨਸਪਤੀ ਨੂੰ ਆਪਣਾ ਵਸੇਬਾ ਬਣਾਈ ਬੈਠੇ ਹੁੰਦੇ ਹਨ , ਦਾ ਨਸਲਘਾਤ ਹੋ ਜਾਂਦਾ ਹੈ। ਜਿਸ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਤਾਂ ਘੱਟਦੀ ਹੀ ਹੈ ਨਾਲ ਦੀ ਨਾਲ ਮਿੱਤਰ ਜੀਵਾਂ ਦੇ ਘਟਣ ਨਾਲ ਦੁਸ਼ਮਣ ਕੀੜਿਆਂ ਵਿੱਚ ਅਥਾਹ ਵਾਧਾ ਹੋ ਜਾਂਦਾ ਹੈ ਜੋ ਕਿ ਕੀੜੇਮਾਰ ਜ਼ਹਿਰਾਂ ਨੂੰ ਸਿੱਧਾ ਸੱਦਾ ਹੈ।ਇਹ ਜ਼ਹਿਰਾਂ ਹੀ ਮਨੁੱਖੀ ਸਿਹਤ ਦਾ ਘਾਣ ਕਰ ਰਹੀਆਂ ਹਨ। ਉਨਾਂ ਅਪੀਲ ਕੀਤੀ ਕਿ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਇਹ ਪ੍ਰਦੂਸ਼ਣ ਚਾਹੇ ਖੇਤੀ ਕਾਰਜ ਦੌਰਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣਾ ਹੋਵੇ ਜਾਂ ਤਿਉਹਾਰਾਂ ਮੌਕੇ ਫਜ਼ੂਲ ਦੀ ਆਤਿਸ਼ਬਾਜੀ ਚਲਾਉਣਾ। ਇਸ ਮੌਕੇ ਸਰਕਲ ਅਧਿਕਾਰੀ ਮਨਮੋਹਨ ਸਿੰਘ ਏਈਓ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਉੱਨਤ ਕਿਸਾਨ ਐਪ ਦੀ ਵਰਤੋਂ ਕਰਕੇ ਮਸ਼ੀਨਰੀ ਕਿਰਾਏ ਤੇ ਲਈ ਜਾਂ ਦਿੱਤੀ ਜਾ ਸਕਦੀ ਹੈ। ਸਟੇਜ ਸੰਚਾਲਕ ਦੀ ਭੂਮਿਕਾ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਨੇ ਬਾਖੂਬੀ ਨਿਭਾਉਦਿਆਂ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ ਅਤੇ ਚੰਗੇ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਇਸ ਦੀ ਸਾਂਭ ਸੰਭਾਲ ਲਈ ਹੰਭਲਾਂ ਮਾਰਨਾ ਚਾਹੀਦਾ ਹੈ।ਇਸ ਮੌਕੇ ਸਕੂਲ ਮੁਖੀ ਹਰਸ਼ਰਨ ਸਿੰਘ , ਲਖਵਿੰਦਰ ਸਿੰਘ, ਵਕੀਲ ਸਦਾ, ਚਰਨਜੀਤ ਸਿੰਘ, ਰਜੀਵ ਕੁਮਾਰ ,ਗੁਰਸੇਵਕ ਸਿੰਘ, ਅਰੁਣ ਕੁਮਾਰ ਸ਼ਰਮਾ, ਰਣਜੀਤ ਸਿੰਘ ,ਮਨਮੋਹਨ ਸਿੰਘ, ਗੁਰਵਿੰਦਰ ਸਿੰਘ ,ਨਿਸ਼ਾਨ ਸਿੰਘ, ਜਗਜੀਤ ਸਿੰਘ ਸਮੂਹ ਅਧਿਆਪਕ ਸਾਹਿਬਾਨ, ਸਰਪੰਚ ਦਲੇਰ ਸਿੰਘ ਤੇ ਸਮੂਹ ਮੈਂਬਰ ਪੰਚਾਇਤ ਪਿੰਡ ਦੁਬਲੀ ਅਤੇ ਮੌਜੂਦ ਵਿਦਿਆਰਥੀਆਂ/ ਵਿਦਿਆਰਥਣਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਸਨਮਾਨ ਪੱਤਰ, ਮੋਮੈਂਟੋ ਅਤੇ ਲਿਟਰੇਚਰ ਦੇ ਕੇ ਪ੍ਰੇਰਿਤ ਕੀਤਾ।