ਸਮਾਰਟ ਸਕੂਲਾਂ ਲਈ ਕੀਤੇ ਗਏ ਕੰਮਾਂ ਵਿਚ ਤਰਨਤਾਰਨ ਜਿਲਾ ਪੰਜਾਬ ਦੇ ਮੋਹਰੀ ਜਿਲਿਆਂ ਵਿਚ ਸ਼ਾਮਿਲ-ਡਿਪਟੀ ਕਮਿਸ਼ਨਰ
ਸਮਾਰਟ ਸਕੂਲਾਂ ਲਈ ਕੀਤੇ ਗਏ ਕੰਮਾਂ ਵਿਚ ਤਰਨਤਾਰਨ ਜਿਲਾ ਪੰਜਾਬ ਦੇ ਮੋਹਰੀ ਜਿਲਿਆਂ ਵਿਚ ਸ਼ਾਮਿਲ-ਡਿਪਟੀ ਕਮਿਸ਼ਨਰ
ਤਰਨਤਾਰਨ, 14 ਸਤੰਬਰ ( )-ਪੰਜਾਬ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਲਈ ਕੀਤੇ ਜਾ ਰਹੇ ਕੰਮਾਂ ਵਿਚ ਸਰਕਾਰੀ ਸਕੂਲਾਂ ਨੂੰ ਆਧੁਕਿ ਸਾਜੋ ਸਮਾਨ ਨਾਲ ਲੈਸ ਕਰਕੇ ਸਮਾਰਟ ਸਕੂਲਾਂ ਦਾ ਦਰਜਾ ਦਿੱਤਾ ਜਾ ਰਿਹਾ ਹੈ ਅਤੇ ਤਰਨਤਾਰਨ ਜਿਲਾ ਸਮਾਰਟ ਸਕੂਲਾਂ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਪੰਜਾਬ ਦੇ ਮੋਹਰੀ ਜਿਲਿਆਂ ਵਿਚ ਸ਼ਾਮਿਲ ਹੋਇਆ ਹੈ। ਇਹ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿਘ ਨੇ ਸਿੱਖਿਆ ਵਿਭਾਗ ਦੀ ਟੀਮ ਨੂੰ ਮੁਬਾਰਕਬਾਦ ਦਿੰਦੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਤੇ ਸਿਹਤ ਸਭ ਤੋਂ ਅਹਿਮ ਵਿਸ਼ੇ ਹਨ ਅਤੇ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕੰਮ ਜਿਲਾ ਦਾ ਭਵਿੱਖ ਸੰਵਾਰਨ ਵਿਚ ਵੱਡੀ ਭੂਮਿਕਾ ਨਿਭਾਏਗਾ। ਉਨਾਂ ਕਿਹਾ ਕਿ ਅੱਜ ਬੱਚਿਆਂ ਨੂੰ ਅਸਾਨ ਤਰੀਕੇ ਨਾਲ ਪਾਠਕ੍ਰਮ ਸਮਝਾਉਣ ਵਿਚ ਮਦਦ ਕਰਦੇ ਸਾਜੋ-ਸਮਾਨ ਸਕੂਲਾਂ ਵਿਚ ਭੇਜਣ ਨਾਲ ਬੱਚੇ ਉਚ ਸਿੱਖਿਆ ਲਈ ਤਿਆਰ ਹੋਣਗੇ, ਜੋ ਕਿ ਸਾਡੀ ਵੱਡੀ ਪ੍ਰਾਪਤੀ ਹੋਵੇਗੀ।
ਇਸ ਮੌਕੇ ਜਿਲਾ ਸਿਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਕੁੱਲ 503 ਪ੍ਰਾਇਮਰੀ ਸਕੂਲਾਂ ਵਿਚੋਂ 501 ਸਮਾਰਟ ਸਕੂਲ ਬਣ ਚੁੱਕੇ ਹਨ, ਜਦਕਿ 267 ਅਪਰ ਪ੍ਰਾਇਮਰੀ ਸਕੂਲਾਂ ਵਿਚੋਂ 265 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਿਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਸਮਾਰਟ ਸਕੂਲਾਂ ਦਾ ਮਤਲਬ ਕੇਵਲ ਸਕੂਲਾਂ ਦਾ ਰੰਗ ਬਦਲਣਾ ਨਹੀਂ ਹੈ, ਬਲਕਿ ਸਕੂਲਾਂ ਵਿਚ ਐਲ ਈ ਡੀ ਪ੍ਰਾਜੈਕਟਰ, ਸਿੱਖਿਆ ਪਾਰਕ, ਕੰਪਿਊਟਰ ਲੈਬ, ਸਾਇੰਸ ਲੈਬ, ਮੈਥ ਲੈਬ, ਲਾਇਬਰੇਰੀਆਂ, ਕਲਾਸਾਂ ਵਿਚ ਬੱਚਿਆਂ ਦੇ ਬੈਠਣ ਲਈ ਸੁੰਦਰ ਬੈਂਚ ਆਦਿ ਦੀ ਸਹੂਲਤ ਮੁਹੱਇਆ ਕਰਵਾਉਣੀ ਹੈ। ਉਨਾਂ ਦੱਸਿਆ ਕਿ ਸਾਡੀਆਂ ਬਲਾਕ ਪੱਧਰ ਦੀਆਂ ਟੀਮਾਂ ਨਿਰੰਤਰ ਸਕੂਲਾਂ ਵਿਚ ਅਧਿਾਆਪਕਾਂ ਦੀ ਹਾਜ਼ਰੀ ਅਤੇ ਉਨਾਂ ਵੱਲੋਂ ਪੜਾਏ ਜਾਂਦੇ ਪਾਠਕ੍ਰਮ ਦੀ ਰਿਪੋਰਟ ਲੈਦੀਆਂ ਹਨ, ਜਿਸ ਸਦਕਾ ਕੰਮ ਵਿਚ ਕਿਧਰੇ ਵੀ ਕੁਤਾਹੀ ਦਾ ਮੌਕਾ ਨਹੀਂ ਰਹਿੰਦਾ। ਉਨਾਂ ਦੱਸਿਆ ਕਿ ਬੱਚਿਆਂ ਲਈ ਮਿਡ ਡੇਅ ਮੀਲ ਤਹਿਤ ਸਾਫ-ਸੁਥਰਾ ਭੋਜਨ ਮੁਹੱਇਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਜਾਂਚ ਵੀ ਕਰਵਾਈ ਜਾ ਰਹੀ ਹੈ ਅਤੇ ਜਿੰਨਾ ਬੱਚਿਆਂ ਨੂੰ ਕਿਸੇ ਬਿਮਾਰੀ ਤੋਂ ਪ੍ਰਭਾਵਿਤ ਹੋਣ ਦਾ ਪਤਾ ਲੱਗਦਾ ਹੈ, ਦਾ ਇਲਾਜ ਮੁਫਤ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਲਈ ਜਿਲਾ ਹਸਪਤਾਲਾਂ ਤੋਂ ਪੀ ਜੀ ਆਈ ਹਸਪਤਾਲਾਂ ਤੱਕ ਦੀ ਪਹੁੰਚ ਸ਼ਾਮਿਲ ਹੈ। ਇਸ ਮੌਕੇ ਸਿੱਖਿਆ ਅਧਿਕਾਰੀ ਵੱਲੋਂ ਇਕ ਬੱਚੇ ਦੀ ਅੱਖ ਸਬੰਧੀ ਕੀਤੀ ਮੰਗ ਉਤੇ ਡਿਪਟੀ ਕਮਿਸ਼ਨਰ ਨੇ ਉਸ ਬੱਚੇ ਦਾ ਇਲਾਜ ਰੈਡ ਕਰਾਸ ਦੀ ਸਹਾਇਤਾ ਨਾਲ ਤਰੁੰਤ ਕਰਵਾਉਣ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿਚ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਦੇ ਅਧਿਕਾਰੀ ਵੀ ਸ਼ਾਮਿਲ ਹੋਏ ਅਤੇ ਆਪਣੀਆਂ ਪ੍ਰਾਪਤੀਆਂ ਦੇ ਨਾਲ-ਨਾਲ ਲੋੜਾਂ ਲਈ ਵੀ ਡਿਪਟੀ ਕਮਿਸ਼ਨਰ ਤੋਂ ਸਹਿਯੋਗ ਮੰਗਿਆ।