ਬੰਦ ਕਰੋ

ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 17/03/2021
SC
ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ
ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਹੋਣਗੀਆਂ ਪ੍ਰੀਖਿਆਵਾਂ-ਜ਼ਿਲ੍ਹਾ ਸਿੱਖਿਆ ਅਫ਼ਸਰ
ਤਰਨ ਤਾਰਨ 16 ਮਾਰਚ :
ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਪ੍ਰਾਇਮਰੀ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ, ਪੰਜਵੀਂ ਜਮਾਤ ਦੇ ਪਹਿਲੇ ਪੇਪਰ ਨਾਲ ਕੋਰੋਨਾ ਤੋਂ ਬਚਾਅ ਦੀਆਂ ਸਾਰੀਆਂ ਸਾਵਧਾਨੀਆਂ ਦੇ ਪਾਲਣ ਨਾਲ ਸ਼ੁਰੂ ਹੋ ਗਈਆਂ ਹਨ।ਪ੍ਰੀਖਿਆਵਾਂ ਦੇ ਪਹਿਲੇ ਦਿਨ ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਸਕ ਪਹਿਨ ਕੇ ਸਕੂਲਾਂ ਵਿੱਚ ਪਹੁੰਚੇ।
ਸ਼੍ਰੀ ਸੁਸ਼ੀਲ ਕੁਮਾਰ ਤੁਲੀ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਅਤੇ ਪਰਮਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਸੂਬੇ `ਚ ਕੋਰੋਨਾ ਕੇਸਾਂ `ਚ ਮੁੜ ਤੋਂ ਇਜ਼ਾਫਾ ਹੋਣ ਨਾਲ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ  ਤਿਆਰੀ ਸਬੰਧੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।ਇਹਨਾਂ ਹਦਾਇਤਾਂ ਦੇ ਮੱਦੇਨਜ਼ਰ ਵਿਦਿਆਰਥੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਬਚਾਅ ਸਾਵਧਾਨੀਆਂ ਦਾ ਪਾਲਣ ਕਰਦਿਆਂ ਪ੍ਰੀਖਿਆਵਾਂ ਦੇਣ ਲਈ ਸਕੂਲਾਂ ਵਿੱਚ ਆਉਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਫੈਸਲੇ ਅਨੁਸਾਰ ਅੱਜ ਸ਼ੁਰੂ ਹੋਈ ਪੰਜਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪਹਿਲੇ ਦਿਨ ਸਵੇਰ ਦੇ ਸੈਸ਼ਨ ਦੌਰਾਨ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਹੋਈ। ਉਹਨਾਂ ਦੱਸਿਆ ਕਿ ਕੱਲ੍ਹ ਤੋਂ ਹੋਣ ਜਾ ਰਹੀਆਂ ਪ੍ਰੀਖਿਆਵਾਂ ਵਿੱਚ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤ ਸਵੇਰ ਦੇ ਸੈਸ਼ਨ ਦੌਰਾਨ ਜੋ ਕਿ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਪਹਿਲੀ ਅਤੇ ਦੂਜੀ ਜਮਾਤ ਲਈ ਦੂਸਰਾ ਸੈਸ਼ਨ ਬਾਅਦ ਦੁਪਹਿਰ 12.20 ਵਜੇ ਤੋਂ 2.20 ਵਜੇ ਤੱਕ ਹੋਵੇਗਾ।ਇਸ ਮੌਕੇ ਨਵਦੀਪ ਸਿੰਘ ਜਿਲ੍ਹਾ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਕੋਆਰਡੀਨੇਟਰ ਨੇ ਦੱਸਿਆ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਮੁਲਾਂਕਣ ਵਿਭਾਗ ਵੱਲੋਂ ਭੇਜੀਆਂ ਹਦਾਇਤਾਂ ਅਨੁਸਾਰ ਆਨਲਾਈਨ ਹੀ ਹੋਵੇਗਾ।
ਸਾਲਾਨਾ ਪ੍ਰੀਖਿਆਵਾਂ ਦੇ ਸੁਚਾਰੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਸ੍ਰੀ ਸੁਸ਼ੀਲ ਕੁਮਾਰ ਤੁਲੀ ਡੀਈਓ ਐਲੀਮੈਂਟਰੀ ਤਰਨਤਾਰਨ ਅਤੇ ਪਰਮਜੀਤ ਸਿੰਘ ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੁਤਾਲਾ,ਡਿਆਲ, ਪਿੱਦੀ, ਸਪਸ ਜੰਡੋਕੇ ਵਿਖੇ ਪਹੁੰਚ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ।  
ਇਸ ਮੌਕੇ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਅੱਜ ਪ੍ਰੀਖਿਆਵਾਂ ਲਈ ਸਕੂਲ ਆਉਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਿੱਥੇ ਮਾਸਕ ਪਹਿਨ ਕੇ ਸਕੂਲ ਆਉਣ, ਪੇਪਰ ਕਰਨ ਲਈ ਲੋੜੀਂਦੀ ਸਮੱਗਰੀ ਆਪੋ ਆਪਣੀ ਲਿਆਉਣ ਆਦਿ ਹਦਾਇਤਾਂ ਦੀ ਵਟਸਐਪ ਗਰੁੱਪਾਂ ਰਾਹੀਂ ਅਗਾਊਂ ਜਾਣਕਾਰੀ ਦਿੱਤੀ ਗਈ ਉੱਥੇ ਹੀ ਸਕੂਲਾਂ ਵਿੱਚ ਸੈਨੇਟਾਈਜ਼ਰ ਅਤੇ ਮਾਸਕ ਉਪਲਬਧ ਕਰਵਾਏ ਗਏ।ਵਿਦਿਆਰਥੀਆਂ ਨੂੰ ਆਪਣੀ ਪਾਣੀ ਦੀ ਬੋਤਲ,ਜੁਮੈਟਰੀ, ਪੈੱਨ ਅਤੇ ਪੈਨਸਿਲ ਆਦਿ ਦੂਜੇ ਵਿਦਿਆਰਥੀਆਂ ਨਾਲ ਸਾਂਝਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸਕੂਲ ਮੁਖੀਆਂ ਨੇ ਦੱਸਿਆ ਕਿ ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਇੱਕ ਡੈਸਕ `ਤੇ ਸਿਰਫ਼ ਇੱਕ ਵਿਦਿਆਰਥੀ ਹੀ ਬਿਠਾਇਆ ਗਿਆ।