ਬੰਦ ਕਰੋ

ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਮਾਪਿਆਂ ਨੂੰ ਕੀਤਾ ਜਾ ਰਿਹਾ ਜਾਗਰੂਕ

ਪ੍ਰਕਾਸ਼ਨ ਦੀ ਮਿਤੀ : 22/03/2021
PN Edu
ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਮਾਪਿਆਂ ਨੂੰ ਕੀਤਾ ਜਾ ਰਿਹਾ ਜਾਗਰੂਕ

ਤਰਨਤਾਰਨ,19 ਮਾਰਚ( )-ਸੂਬੇ ਦਾ ਸਕੂਲ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਉੱਚ ਮਿਆਰੀ ਸਕੂਲਾਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।ਸਰਕਾਰੀ ਸਕੂਲਾਂ ਨੂੰ ਪਹਿਲੇ ਗੇੜ੍ਹ ਦੇ ਪੈਰਾਮੀਟਰਾਂ ਅਨੁਸਾਰ ਸਮਾਰਟ ਬਣਾਉਣ ਉਪਰੰਤ ਹੁਣ ਪੈਰਾਮੀਟਰਾਂ ਵਿੱਚ ਹੋਰ ਵਾਧਾ ਕਰਦਿਆਂ ਦੂਜੇ ਗੇੜ੍ਹ ਦੌਰਾਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।ਸਮਾਰਟ ਸਕੂਲਾਂ ਚ ਬੁਨਿਆਦੀ ਢਾਂਚੇ ਦੇ ਸੁਧਾਰ ਤੋਂ ਲੈ ਕੇ ਸਕੂਲਾਂ ਦੀ ਦਿੱਖ ਆਕਰਸ਼ਿਕ ਬਣਾਉਣ ਅਤੇ ਪੜ੍ਹਾਉਣ ਦੀਆਂ ਅਤਿ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

                      ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀ ਦਾਖਲਿਆਂ ਸਮੇਂ ਸਕੂਲਾਂ ਦੀ ਤਾਲਾਬੰਦੀ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਹੋਏ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਵਾਧੇ ਨੂੰ ਇਸ ਵਾਰ ਸਰਕਾਰੀ ਸਕੂਲ ਹੋਰ ਵੀ ਵਿਸਥਾਰ ਦੇਣ ਲਈ ਲਗਾਤਾਰ ਯਤਨਸ਼ੀਲ ਹਨ।ਸਿੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਰਕਮਈ ਤਰੀਕੇ ਨਾਲ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕ ਸਕੂਲ ਸਮੇਂ ਦੇ ਨਾਲ ਨਾਲ ਸਵੇਰ ਅਤੇ ਸ਼ਾਮ ਦੇ ਸਮੇਂ ਵੀ ਘਰਾਂ ਵਿੱਚ ਜਾ ਕੇ ਮਾਪਿਆਂ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕਰਦੇ ਵੇਖੇ ਜਾ ਸਕਦੇ ਹਨ।ਤਕਰੀਬਨ ਸਾਰੇ ਹੀ ਸਕੂਲਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਉਪਲਬਧ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਰਸਾਉਂਦੇ ਫਲੈਕਸ ਅਤੇ ਹੋਰਡਿੰਗਜ਼ ਤਿਆਰ ਕਰਵਾਏ ਜਾ ਰਹੇ ਹਨ।ਅਧਿਆਪਕ ਖੁਦ ਇਹ ਫਲੈਕਸਾਂ ਜਨਤਕ ਥਾਵਾਂ ਤੇ ਲਗਾਉਣ ਵਿੱਚ ਮਸ਼ਰੂਫ ਨਜ਼ਰ ਆ ਰਹੇ ਹਨ।ਸਕੂਲਾਂ ਵੱਲੋਂ ਨੁੱਕੜ ਨਾਟਕਾਂ ਜਰੀਏ ਵੀ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।

               ਸਤਿਨਾਮ ਸਿੰਘ ਬਾਠ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸੁਸ਼ੀਲ ਕੁਮਾਰ ਤੁਲੀਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ , ਹਰਪਾਲ ਸਿੰਘ ਸੰਧਾਵਾਲੀਆ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪਰਮਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਸਮੂਹ ਅਧਿਆਪਕਾਂ ਦੇ ਨਾਲ ਨਾਲ ਸਿੱਖਿਆ ਗੁਣਵੱਤਾ ਲਈ ਕੰਮ ਕਰ ਰਹੀਆਂ ਪੜ੍ਹੋ ਪੰਜਾਬ ਟੀਮਾਂ, ਡੀਐਮਜ਼, ਬੀਐਮਜ਼,ਸਿੱਖਿਆ ਸੁਧਾਰ ਟੀਮ, ਡੀ.ਐਸ.ਐਮ,ਵੱਖ ਵੱਖ ਵਿਸ਼ਿਆਂ ਦੇ ਰਿਸੋਰਸ ਪਰਸਨ,ਵਿਸ਼ਿਆਂ ਦੇ ਜਿਲ੍ਹਾ ਇੰਚਾਰਜ ਅਤੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਸਮੇਤ ਪਿੰਡਾਂ ਦੀਆਂ ਮੋਤਬਰ ਸਖਸ਼ੀਅਤਾਂ ਮਿਲਕੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨੂੰ ਚਲਾ ਰਹੇ ਹਨ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਾਡਾ ਮਨੋਰਥ ਹਰ ਬੱਚੇ ਨੂੰ ਬਿਨਾਂ ਖਰਚੇ ਦ ਮਿਆਰੀ ਸਿੱਖਿਆ ਉਪਲਬਧ ਕਰਵਾਉਣਾ ਹੈ।ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਬੇਲੋੜੇ ਖਰਚੇ ਘਟਾਉਣ ਲਈ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਦੀ ਇੱਛਾ ਅਨੁਸਾਰ ਅੰਗਰੇਜ਼ੀ ਮਾਧਿਅਮ ਉਪਲਬਧ ਕਰਵਾਇਆ ਗਿਆ ਹੈ ਉੱਥੇ ਹੀ ਇੰਗਲਿਸ਼ ਬੂਸਟਰ ਕਲੱਬਾਂ ਅਧੀਨ ਬੱਚਿਆਂ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਦੂਰ ਕਰਕੇ ਉਹਨਾਂ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਣ ਦੇ ਸਮਰੱਥ ਬਣਾਇਆ ਜਾ ਰਿਹਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਲਈ ਪ੍ਰੇਰਿਕ ਭਾਸ਼ਣਾਂ ਦੇ ਨਾਲ ਨਾਲ ਸਵਾਗਤ ਜ਼ਿੰਦਗੀ ਨਾ ਦਾ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ।ਰੋਜ਼ਾਨਾ ਅੱਜ ਦਾ ਸ਼ਬਦ ਗਤੀਵਿਧੀ ਜਰੀਏ ਵਿਦਿਆਰਥੀਆਂ ਦਾ ਪੰਜਾਬੀ ਅਤੇ ਅੰਗਰੇਜ਼ੀ ਦਾ ਸ਼ਬਦ ਭੰਡਾਰ ਅਮੀਰ ਬਣਾਇਆ ਜਾ ਰਿਹਾ ਹੈ।ਅਧਿਕਾਰੀਆਂ ਨੇ ਕਿਹਾ ਕਿ ਵੱਡੀ ਪੱਧਰ ਤੇ ਮਾਪੇ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪਹੁੰਚ ਰਹੇ ਹਨ।