ਬੰਦ ਕਰੋ

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਲੱਗੱਭਗ 12,363 ਮਰੀਜ਼ਾਂ ਨੂੰ ਮੁਹੱਈਆ ਕਰਵਾਈ ਗਈ 10 ਕਰੋੜ 32 ਲੱਖ 74 ਹਜ਼ਾਰ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ 

ਪ੍ਰਕਾਸ਼ਨ ਦੀ ਮਿਤੀ : 25/02/2021
DC
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਲੱਗੱਭਗ 12,363 ਮਰੀਜ਼ਾਂ ਨੂੰ ਮੁਹੱਈਆ ਕਰਵਾਈ ਗਈ 10 ਕਰੋੜ 32 ਲੱਖ 74 ਹਜ਼ਾਰ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ 
ਜ਼ਿਲ੍ਹੇ ਵਿੱਚ ਹੁਣ ਤੱਕ 2,14,263 ਯੋਗ ਲਾਭਪਾਤਰੀਆਂ ਦੇ ਬਣਾਏ ਗਏ ਈ-ਕਾਰਡ 
ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ 28 ਫਰਵਰੀ ਤੱਕ ਚਲਾਈ ਜਾ ਰਹੀ ਹੈ ਵਿਸ਼ੇਸ ਮੁਹਿੰਮ 
ਤਰਨ ਤਾਰਨ, 24 ਫਰਵਰੀ :
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ, ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਸਾਲ ਸੂਬੇ ਦੇ ਲੱਗਭੱਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ, ਸਲਾਨਾ ਸਿਹਤ ਬੀਮਾ ਅਧੀਨ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਬੀ. ਪੀ. ਐਲ. ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਉਸਾਰੀ ਕਾਮੇ, ਕਿਸਾਨ ਅਤੇ ਵਪਾਰੀ ਅਤੇ ਪੀਲਾ ਤੇ ਗੁਲਾਬੀ ਕਾਰਡ ਧਾਰਕ ਪੱਤਰਕਾਰ ਆਦਿ ਸ਼ਾਮਲ ਹਨ। 
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਲੱਗੱਭਗ 12,363 ਮਰੀਜ਼ਾਂ ਨੂੰ ਜਨਵਰੀ, 2021 ਤੱਕ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਤਕਰੀਬਨ 10 ਕਰੋੜ 32 ਲੱਖ 74 ਹਜ਼ਾਰ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 169722 ਪਰਿਵਾਰਾਂ ਵਿੱਚੋਂ ਹੁਣ ਤੱਕ 99,822 ਪਰਿਵਾਰ ਇਸ ਸਕੀਮ ਅਧੀਨ ਕਵਰ ਕੀਤੇ ਜਾ ਚੁੱਕੇ ਹਨ ਅਤੇ ਯੋਗ ਲਾਭਪਾਤਰੀਆਂ ਦੇ 2,14,263 ਈ-ਕਾਰਡ ਬਣਾਏ ਗਏ ਹਨ।ਇਸ ਸਕੀਮ ਅਧੀਨ ਰਜਿਸਟਰਡ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਪੰਜੀਕ੍ਰਿਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹੋਣ ਦੀ ਸੂਰਤ ਵਿੱਚ ਸਾਲਾਨਾ ਪੰਜ ਲੱਖ ਰੁਪਏ ਤੱਕ ਦੀ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਫੇਜ਼-1 ਤਹਿਤ 1393 ਬਿਮਾਰੀਆਂ ਦੇ ਪੈੱਕਜ਼ ਸ਼ਾਮਿਲ ਸਨ, ਜਦਕਿ ਇਸ ਸਾਲ ਫੇਜ-2 ਤਹਿਤ 237 ਪੈੱਕੇਜ਼ ਹੋਰ ਸ਼ਾਮਿਲ ਕੀਤੇ ਗਏ ਹਨ ਅਤੇ ਹੁਣ 1578 ਬਿਮਾਰੀਆਂ ਦਾ ਇਲਾਜ ਇਸ ਸਕੀਮ ਅਧੀਨ ਮੁਫ਼ਤ ਦਿੱਤਾ ਜਾਂਦਾ ਹੈ, ਜਿਨ੍ਹਾਂ ਵਿੱਚ ਕੈਂਸਰ/ਗਾਇਨੀ ਅਤੇ ਵੱਖ-ਵੱਖ ਰੋਗਾਂ ਦੀਆਂ ਬਿਮਾਰੀਆਂ ਸ਼ਾਮਲ ਹਨ। ਇਸ ਸਕੀਮ ਵਿੱਚ ਕੋਵਿਡ-19 ਦੀ ਮਹਾਂਮਾਰੀ ਦੇ ਇਲਾਜ ਦੀ ਵੀ ਵਿਵਸਥਾ ਕੀਤੀ ਗਈ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ 12 ਸਰਕਾਰੀ ਹਸਪਤਾਲ ਜਿਵੇਂ ਕਿ ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਪੱਟੀ, ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ, ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ, ਕਮਿਊਨਿਟੀ ਹੈੱਲਥ ਸੈਂਟਰ ਸਰਹਾਲੀ, ਕਮਿਊਨਿਟੀ ਹੈੱਲਥ ਸੈਂਟਰ ਕਸੇਲ, ਕਮਿਊਨਿਟੀ ਹੈੱਲਥ ਸੈਂਟਰ ਕੈਰੋਂ, ਕਮਿਊਨਿਟੀ ਹੈੱਲਥ ਸੈਂਟਰ ਝਬਾਲ, ਕਮਿਊਨਿਟੀ ਹੈੱਲਥ ਸੈਂਟਰ ਘਰਿਆਲਾ, ਕਮਿਊਨਿਟੀ ਹੈੱਲਥ ਸੈਂਟਰ ਖੇਮਕਰਨ, ਕਮਿਊਨਿਟੀ ਹੈੱਲਥ ਸੈਂਟਰ ਮੀਆਵਿੰਡ ਅਤੇ ਕਮਿਊਨਿਟੀ ਹੈੱਲਥ ਸੈਂਟਰ ਨੌਸ਼ਹਿਰਾ ਪੰਨੂਆਂ ਹਸਪਤਾਲ ਪੰਜੀਕ੍ਰਿਤ ਹਨ।
ਇਸ ਦੇ ਨਾਲ ਨਾਲ ਹੀ 10 ਪ੍ਰਾਈਵੇਟ ਹਸਪਤਾਲ ਵੀ ਜਿਵੇਂ ਕਿ ਖਾਰਾ ਹਸਪਤਾਲ ਵਲਟੋਹਾ, ਸੰਧੂ ਸਰਜੀਕਲ ਹਸਪਤਾਲ ਪੱਟੀ, ਸਰਤਾਜ ਅਤੇ ਬਲਰਾਜ ਹਸਪਤਾਲ ਹਰੀਕੇ, ਰਾਣਾ ਹਸਪਤਾਲ ਖਾਲੜਾ, ਵਿਜੈ ਧਵਨ ਹਸਪਤਾਲ ਭਿੱਖੀਵਿੰਡ, ਸੰਧੂ ਹਸਪਤਾਲ ਭਿੱਖੀਵਿੰਡ, ਸਿਮਰਨ ਹਸਪਤਾਲ ਭਿੱਖੀਵਿੰਡ, ਅਨੰਦ ਹਸਪਤਾਲ ਭਿੱਖੀਵਿੰਡ, ਬਾਬਾ ਬਿਧੀ ਚੰਦ ਹਸਪਤਾਲ ਪੱਟੀ, ਦੁੱਖ ਨਿਵਾਰਣ ਮਿਸ਼ਨ ਹਸਪਤਾਲ ਗੋਇੰਦਵਾਲ ਸਾਹਿਬ ਪੰਜੀਕ੍ਰਿਤ ਹਨ ।  
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ 28 ਫਰਵਰੀ ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਵੈਨ ਵੀ ਚਲਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ 08 ਮਾਰਕਿਟ ਕਮੇਟੀਆਂ ਜਿਵੇਂ ਕਿ ਤਰਨ ਤਾਰਨ, ਝਬਾਲ, ਨੌਸ਼ਹਿਰਾ ਪੰਨੂਆਂ, ਪੱਟੀ, ਭਿੱਖੀਵਿੰਡ, ਹਰੀਕੇ, ਖ਼ਡੂਰ ਸਾਹਿਬ, ਖੇਮਕਰਨ ਵਿਖੇ ਵੀ ਇਹ ਕਾਰਡ ਬਣਾਉਣ ਦੀ ਸਹੂਲਤ ਹੈ । 
ਇਸ ਤੋਂ ਇਲਾਵਾ ਸੇਵਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਜਾਂ ਲੱਗ ਰਹੇ ਕੈਂਪਾਂ ਵਿੱਚ ਵੀ ਇਹ ਕਾਰਡ ਬਣਵਾਏ ਜਾ ਸਕਦੇ ਹਨ। ਕਾਰਡ ਬਣਾਉਣ ਲਈ ਇਲਾਕੇ ਦੇ ਕੌਂਸਲਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਸਰਪੰਚ ਅਤੇ ਜੀ. ਓ. ਜੀਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਕਾਰਡ ਬਣਾਉਣ ਦੌਰਾਨ ਲਾਭਪਾਤਰੀ ਆਧਾਰ ਕਾਰਡ, ਜੇ ਫਾਰਮ, ਨੀਲਾ ਕਾਰਡ, ਕੰਨਸਟਰੱਕਸ਼ਨ ਆਈ-ਡੀ ਕਾਰਡ ਆਦਿ ਲੈ ਕੇ ਜਾਣ, ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਕਾਰਡ ਨਹੀਂ ਹੈ ਤਾਂ ਉਹ ਸਵੈ ਘੋਸ਼ਣਾ ਪੱਤਰ ਦੇ ਸਕਦਾ ਹੈ ਜੋ ਕਿ ਕਾਮਨ ਸਰਵਿਸ ਸੈਂਟਰ ਵਿੱਚ ਮੌਜੂਦ ਹੈ।