ਬੰਦ ਕਰੋ

ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਬਕਾਇਆ ਕਾਰਡ ਤੁਰੰਤ ਬਣਾਉਣ ਲਈ ਆਰੰਭੀ ਗਈ ਵਿਸੇਸ਼ ਮੁਹਿੰਮ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 19/02/2021
DC
ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਬਕਾਇਆ ਕਾਰਡ ਤੁਰੰਤ ਬਣਾਉਣ ਲਈ ਆਰੰਭੀ ਗਈ ਵਿਸੇਸ਼ ਮੁਹਿੰਮ-ਡਿਪਟੀ ਕਮਿਸ਼ਨਰ
ਯੋਗ ਲਾਭਪਾਤਰੀ 5 ਲੱਖ ਤੱਕ ਕੈਸ਼ਲੈਸ ਸਿਹਤ ਬੀਮਾ ਯੋਜਨਾ ਦਾ ਲੈ ਸਕਦੇ ਹਨ ਲਾਭ
ਯੋਜਨਾ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਤੋਂ ਬਣਵਾਏ ਜਾ ਸਕਦੇ ਹਨ ਈ-ਕਾਰਡ
ਤਰਨ ਤਾਰਨ, 18 ਫਰਵਰੀ : 
ਜ਼ਿਲ੍ਹੇ ਵਿੱਚ ਲੋਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ਼ ਦੀ ਸਹੂਲਤ ਦੇਣ ਸਬੰਧੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਜਾ ਰਹੇ ਈ-ਕਾਰਡਾਂ ਦਾ ਟੀਚਾ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅਗਲੇ 20 ਦਿਨਾਂ ਵਿੱਚ ਲਾਭਪਾਤਰੀ ਪਰਿਵਾਰਾਂ ਨੂੰ ਕਵਰ ਕਰਕੇ ਈ-ਕਾਰਡ ਬਣਾਏ ਜਾਣੇ ਹਨ।ਜ਼ਿਲ੍ਹਾ ਤਰਨ ਤਾਰਨ ਵਿੱਚ 1,69,772 ਪਰਿਵਾਰਾਂ ਦੇ ਈ-ਕਾਰਡ ਬਣਾਏ ਜਾਣੇ ਹਨ ਅਤੇ ਹੁਣ ਤੱਕ 98,579 ਪਰਿਵਾਰਾਂ ਦੇ 2,09,400 ਯੋਗ ਲਾਭਪਤਾਰੀਆਂ ਦੇ ਈ-ਕਾਰਡ ਬਣਾਏ ਜਾ ਚੁੱਕੇੇ ਹਨ। 
ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵਲੋਂ ਪ੍ਰਮੁੱਖ ਸਕੱਤਰ ਸਿਹਤ ਨਾਲ ਹੋਈ ਵੀਡੀਓ ਕਾਨਫਰੰਸ ਪਿੱਛੋਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੁਣ ਤੱਕ 2,09,400 ਯੋਗ ਲਾਭਪਤਾਰੀਆਂ ਦੇ ਕਾਰਡ ਬਣਾਏ ਜਾ ਚੁੱਕੇ ਹਨ ।ਉਹਨਾਂ ਕਿਹਾ ਕਿ ਲੋਕਾਂ ਨੂੰ ਕਾਰਡ ਬਣਾਉਣ ਸਬੰਧੀ ਜਾਗਰੂਕ ਕਰਨ ਲਈ ਜੀ. ਓ. ਜੀਜ਼, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਪੰਚਾਇਤ ਵਿਭਾਗ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਇਸ ਯੋਜਨਾ ਤਹਿਤ ਕਿਸਾਨਾਂ, ਕੰਸਟਰਕਸ਼ਨ ਵਰਕਰ ਬੋਰਡ ਨਾਲ ਜੁੜੇ ਉਸਾਰੀ ਕਾਮਿਆਂ, ਲੋਕ ਸੰਪਰਕ ਵਿਭਾਗ ਵਲੋਂ ਜਾਰੀ ਪੀਲੇ ਅਤੇ ਗੁਲਾਬੀ ਕਾਰਡ ਧਾਰਕ ਪੱਤਰਕਾਰਾਂ, ਰਾਸ਼ਨ ਕਾਰਡ ਧਾਰਕਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸੂਬੇ ਦੇ ਸਾਰੇ ਸਰਕਾਰੀ ਅਤੇ ਚੁਣਵੇਂ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਇਲਾਜ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਨਕਦੀ ਰਹਿਤ ਐਮ. ਆਰ. ਆਈ ਅਤੇ ਸਿਟੀ ਸਕੈਨ ਦੀ ਵੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਉਨਾਂ ਨੇ ਕਿਹਾ ਕਿ ਇਹ ਈ-ਕਾਰਡ ਸੇਵਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਤੋਂ ਬਣਵਾਏ ਜਾ ਸਕਦੇ ਹਨ।ਉਨਾਂ ਨੇ ਦੱਸਿਆ ਕਿ ਇਹ ਕਾਰਡ ਬਣਵਾਉਣ ਦੀ ਸਰਕਾਰੀ ਫੀਸ ਸਿਰਫ 30 ਰੁਪਏ ਹੈ ਅਤੇ ਜੇਕਰ ਕੋਈ ਇਸ ਤੋਂ ਵੱਧ ਫੀਸ ਵਸੂਲ ਕਰਦਾ ਹੈ ਤੁਰੰਤ ਇਸਦੀ ਸ਼ਿਕਾਇਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ‘ਤੇ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਭਪਾਤਰੀ ਆਪਣੀ ਯੋਗਤਾ ਚੈੱਕ ਕਰਨ ਲਈ ਆਪਣੇ ਅਧਾਰ ਕਾਰਡ, ਰਾਸ਼ਨ ਕਾਰਡ, ਪੀਲਾ ਕਾਰਡ, ਉਸਾਰੀ ਕਿਰਤੀ ਕਾਰਡ ਦੇ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣੇ ਈ-ਕਾਰਡ ਬਣਵਾਉਣ ਲਈ ਅਧਿਕਾਰੀਆਂ ਨਾਲ ਸੰਪਰਕ ਕਰਨ ਅਤੇ ਜੇਕਰ ਕਿਸ ਕਿਸਮ ਦੀ ਸਮੱਸਿਆ ਪੇਸ਼ ਹੁੰਦੀ ਹੈ ਤਾਂ ਸਬੰਧਤ ਐੱਸ. ਡੀ. ਐੱਮ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।