ਸਰਬੱਤ ਸਿਹਤ ਬੀਮਾ ਯੋਜਨਾ ਯੋਜਨਾ ਅਧੀਨ ਜ਼ਿਲ੍ਹੇ ‘ਚ 11924 ਮਰੀਜ਼ਾਂ ਨੂੰ ਦਿੱਤੀ ਗਈ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 10/02/2021

ਸਰਬੱਤ ਸਿਹਤ ਬੀਮਾ ਯੋਜਨਾ ਯੋਜਨਾ ਅਧੀਨ ਜ਼ਿਲ੍ਹੇ ‘ਚ 11924 ਮਰੀਜ਼ਾਂ ਨੂੰ ਦਿੱਤੀ ਗਈ ਮੁਫ਼ਤ ਇਲਾਜ ਦੀ ਸਹੂਲਤ-ਡਿਪਟੀ ਕਮਿਸ਼ਨਰ
ਯੋਜਨਾ ਅਧੀਨ ਦਿੱਤੀ ਜਾ ਰਹੀ ਹੈ ਹੁਣ 1578 ਬਿਮਾਰੀਆਂ ਦੇ ਮੁਫ਼ਤ ਇਲਾਜ ਦੀ ਸਹੂਲਤ
ਤਰਨ ਤਾਰਨ, 09 ਫਰਵਰੀ :
ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਯੋਜਨਾ ਨੂੰ ਪੂਰੇ ਪੰਜਾਬ ਵਿੱਚ ਸਫ਼ਲਤਾ ਪੂਰਵਕ ਲਾਗੂ ਹੋਏ 02 ਸਾਲ ਹੋਣ ਲੱਗੇ ਹਨ । ਇਸ ਯੋਜਨਾ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 97,776 ਪਰਿਵਾਰ ਕਵਰ ਕੀਤੇ ਗਏ ਹਨ ਅਤੇ ਅੱਜ ਤੱਕ 2,60,790 ਗੋਲਡਨ ਕਾਰਡ ਬਣਾਏ ਗਏ ਹਨ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਆਕਤੀ ਨੂੰ ਪੰਜੀਕ੍ਰਿਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਹੋਣ ਦੀ ਸੂਰਤ ਵਿੱਚ ਸਾਲਾਨਾ ਪੰਜ ਲੱਖ ਰੁਪਏ ਤੱਕ ਦੀ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਂਦੀ ਹੈ ।
ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ 1578 ਤਰ੍ਹਾਂ ਦੀਆਂ ਬਿਮਾਰੀਆਂ, ਜਿਨ੍ਹਾਂ ਵਿੱਚ ਕੈਂਸਰ/ਗਾਇਨੀ ਅਤੇ ਵੱਖ-ਵੱਖ ਰੋਗਾਂ ਦੀਆਂ ਬਿਮਾਰੀਆਂ ਸ਼ਾਮਲ ਹਨ । ਇਸ ਤੋਂ ਇਲਾਵਾ ਇਸ ਸਕੀਮ ਵਿੱਚ ਕੋਵਿਡ-19 ਦੀ ਮਹਾਂਮਾਰੀ ਦੇ ਇਲਾਜ ਦੀ ਵੀ ਵਿਵਸਥਾ ਕੀਤੀ ਗਈ ਹੈ । ਇਸ ਸਕੀਮ ਅਧੀਨ ਸਮਾਜਿਕ, ਆਰਥਿਕ ਅਤੇ ਜਾਤੀ ਜਨ-ਗਣਨਾ-2011 ਡਾਟਾ ਵਿੱਚ ਸ਼ਾਮਿਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ ਜੇ ਫਾਰਮ ਧਾਰਕ ਕਿਸਾਨ ਪਰਿਵਾਰ, ਉਸਾਰੀ ਭਲਾਈ ਬੋਰਡ, ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਵੀ ਕਵਰ ਕੀਤਾ ਗਿਆ ਹੈ ।
ਉਹਨਾ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਦੇ ਲਗਭਗ ਲੱਖਾਂ ਪਰਿਵਾਰਾਂ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਤਰਨ ਤਾਰਨ ਦੇ 11924 ਮਰੀਜ਼ਾਂ ਨੇ ਇਸ ਸਕੀਮ ਦਾ ਲਾਭ ਉਠਾਇਆ ਹੈ । ਇਸ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ 12 ਸਰਕਾਰੀ ਹਸਪਤਾਲ ਜਿਵੇਂ ਸਿਵਲ ਹਸਪਤਾਲ ਤਰਨ ਤਾਰਨ, ਸਬ-ਡਿਵੀਜ਼ਨਲ ਹਸਪਤਾਲ ਪੱਟੀ, ਸਬ ਡਿਵੀਜ਼ਨਲ ਹਸਪਤਾਲ ਖ਼ਡੂਰ ਸਾਹਿਬ, ਸੀ.ਐੱਚ.ਸੀ ਸੁਰ ਸਿੰਘ, ਸੀ.ਐੱਚ.ਸੀ. ਸਰਹਾਲੀ , ਸੀ. ਐੱਚ. ਸੀ ਕਸੇਲ, ਸੀ. ਐੱਚ. ਸੀ. ਕੈਰੋ, ਸੀ. ਐੱਚ. ਸੀ ਝਬਾਲ, ਸੀ. ਐੱਚ. ਸੀ ਘਰਿਆਲਾ, ਸੀ. ਐੱਚ. ਸੀ ਖੇਮਕਰਨ. ਸੀ. ਐੱਚ. ਸੀ ਮੀਆਵਿੰਡ ਅਤੇ ਸੀ. ਐੱਚ. ਸੀ ਨੌਸ਼ਹਿਰਾ ਪੰਨੂਆਂ ਹਸਪਤਾਲ ਪੰਜੀਕ੍ਰਿਤ ਹਨ ।
ਇਸ ਦੇ ਨਾਲ ਨਾਲ ਹੀ ਜ਼ਿਲ੍ਹੇ ਦੇ 10 ਪ੍ਰਾਈਵੇਟ ਹਸਪਤਾਲ ਵੀ ਜਿਵੇਂ ਕਿ ਖਾਰਾ ਹਸਪਤਾਲ ਵਲਟੋਹਾ, ਸੰਧੂ ਸਰਜੀਕਲ ਹਸਪਤਾਲ ਪੱਟੀ, ਸਰਤਾਜ ਅਤੇ ਬਲਰਾਜ ਹਸਪਤਾਲ ਹਰੀਕੇ, ਰਾਣਾ ਹਸਪਤਾਲ ਖਾਲੜਾ, ਵੀਜੇ ਧਵਨ ਹਸਪਤਾਲ ਭਿੰਖੀਵਿੰਡ, ਸੰਧੂ ਹਸਪਤਾਲ ਭਿੱਖੀਵਿੰਡ, ਸਿਮਰਨ ਹਸਪਤਾਲ ਭਿੰਖੀਵਿੰਡ, ਅਨੰਦ ਹਸਪਤਾਲ ਭਿੰਖੀਵਿੰਡ, ਬਾਬਾ ਬਿਧੀ ਚੰਦ ਹਸਪਤਾਲ ਪੱਟੀ ਅਤੇ ਦੁੱਖ ਨਿਵਾਰਨ ਮਿਸ਼ਨ ਹਸਪਤਾਲ ਗੋਇਦਵਾਲ ਸਾਹਿਬ ਪੰਜੀਕ੍ਰਿਤ ਹਨ ।