23 ਜਨਵਰੀ 2025 ਨੂੰ ਪਿੰਡ ਡੁੱਗਰੀ ਵਿੱਖੇ ਸਰ੍ਹੋਂ ਦੀਆਂ ਬਿਮਾਰੀਆਂ ਬਾਰੇ ਵਿਚਾਰ ਗੋਸ਼ਟੀ ਕੀਤੀ ਗਈ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਸਰ੍ਹੋਂ ਦੀਆਂ ਬਿਮਾਰੀਆਂ ਸਬੰਧੀ ਕਿਸਾਨ ਸਾਇੰਸਦਾਨ ਵਿਚਾਰ ਗੋਸ਼ਟ
ਤਰਨ ਤਾਰਨ 23 ਜਨਵਰੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ,ਲੁਧਿਆਣਾਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਅਤੇ ਪੌਦਾ ਰੋਗ ਵਿਭਾਗ ਵਲੋਂ 23 ਜਨਵਰੀ 2025 ਨੂੰ ਪਿੰਡ ਡੁੱਗਰੀ ਵਿੱਖੇ ਸਰ੍ਹੋਂ ਦੀਆਂ ਬਿਮਾਰੀਆਂ ਬਾਰੇ ਵਿਚਾਰ ਗੋਸ਼ਟੀ ਕੀਤੀ ਗਈ, ਜਿਸ ਵਿੱਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ । ਪ੍ਰੋਗਰਾਮ ਦੀ ਸ਼ੁਰੁਆਤ ਕਰਦਿਆਂ ਡਾ: ਪਰਵਿੰਦਰ ਸਿੰਘ, ਇੰਚਾਰਜ਼, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਆਏ ਹੋਏ ਸਾਰੇ ਕਿਸਾਨਾਂ ਅਤੇ ਸਾਇੰਸਦਾਨਾਂ ਨੂੰ ਜੀ ਆਇਆਂ ਕਿਹਾ ।
ਉਹਨਾਂ ਨੇ ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਘਰੇਲੂ ਅਤੇ ਵਪਾਰਕ ਪੱਧਰ ਤੇ ਕਰਨ ਬਾਰੇ ਦੱਸਿਆ। ਡਾ: ਅਮਰਜੀਤ ਸਿੰਘ, ਪ੍ਰਮੁੱਖ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਕਣਕ, ਸਰ੍ਹੋਂ ਅਤੇ ਬਰਸੀਮ ਵਿੱਚ ਆਉਣ ਵਾਲੀਆਂ ਬਿਮਾਰੀਆਂ ਦੇ ਲੱਛਣ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ । ਉਨ੍ਹਾਂ ਨੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ।
ਡਾ. ਯਸਮੀਨ ਕੌਰ,ਪੌਦਾ ਰੋਗ ਵਿਗਿਆਨੀ ਨੇ ਸਰ੍ਹੋਂ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਰੋਕਥਾਮ ਬਾਰੇ ਜਾਣਕਾਰੀ ਸਾਂਝੀ ਕੀਤੀ । ਡਾ. ਪਰਮਿੰਦਰ ਕੌਰ, ਸੀਨੀਅਰ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਕਣਕ ਦੇ ਕੀੜੇ-ਮਕੌੜਿਆਂ ਖਾਸ ਕਰਕੇ ਚੇਪਾ, ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ ਅਤੇ ਇਨ੍ਹਾਂ ਦੀ ਰੋਕਥਾਮ ਲਈ ਸਹੀ ਨੋਜ਼ਲ ਵਰਤਣ ਦੀ ਸਲਾਹ ਦਿੱਤੀ।ਡਾ: ਸਵਰੀਤ ਖਹਿਰਾ, ਜ਼ਿਲ੍ਹਾ ਪਸਾਰ ਮਾਹਿਰ(ਫ਼ਲ) ਨੇ ਸਰਦੀਆਂ ਦੇ ਮੌਸਮ ਦੌਰਾਨ ਫ਼ਲਾਂ ਦੇ ਬੂਟਿਆਂ ਦੀ ਦੇਖਭਾਲ ਅਤੇ ਪਤਝੜ ਵਾਲੇ ਫ਼ਲਾਂ ਵਾਲੇ ਬੂਟੇ ਲਗਾਉਣ ਬਾਰੇ ਦੱਸਿਆ । ਡਾ: ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪਸਾਰ ਮਾਹਿਰ (ਫਸਲ ਵਿਗਿਆਨ) ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ । ਉਨ੍ਹਾਂ ਕਿਸਾਨਾਂ ਨੂੰ ਖਾਦਾਂ ਦੀ ਸਹੀ ਵਰਤੋਂ ਕਰਨ ਤੇ ਜ਼ੋਰ ਦਿੱਤਾ ਅਤੇ ਕਣਕ ਦੇ ਝਾੜ ਅਤੇ ਕੁਆਲਿਟੀ ਦੋਵਾਂ ਨੂੰ ਵਧਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ। ਇਸ ਸਮਾਗਮ ਦੇ ਅਖੀਰ ਵਿੱਚਮਾਹਿਰਾਂ ਵੱਲੋਂ ਕਿਸਾਨਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ। ਕਿਸਾਨਾਂ ਨੇ ਜੁਲਾਈ 2024 ਦੌਰਾਨ ਬਾਸਮਤੀ ਵਿੱਚ ਝੰਡਾ ਰੋਗ ਲਈ ਬੀਜ ਅਤੇ ਪਨੀਰੀ ਦੀ ਸੋਧ ਲਈ ਟ੍ਰਾਈਕੋਡਰਮਾ ਦੀਆਂ ਪ੍ਰਦਰਸ਼ਨੀਆਂ ਦੀ ਸ਼ਲਾਘਾ ਕੀਤੀ । ਇਸ ਪ੍ਰੋਗਰਾਮ ਵਿੱਚ ਪੀਏਯੂ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਅੰਤ ਵਿੱਚ ਡਾ.ਪਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।