ਬੰਦ ਕਰੋ

ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਪਾ ਸਕਦੇ ਹਨ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 20/06/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨਤਾਰਨ
ਪ੍ਰੈੱਸ ਨੋਟ
ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਪਾ ਸਕਦੇ ਹਨ – ਡਿਪਟੀ ਕਮਿਸ਼ਨਰ
ਵਿਸ਼ਵ ਖੂਨਦਾਨ ਦਿਵਸ ਸਬੰਧੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਖੂਨਦਾਨ ਕਰਨ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਸਬੰਧੀ ਚੁੱਕੀ ਸੂੰਹ
ਖੂਨਦਾਨ ਸਬੰਧੀ 14 ਜੁਲਾਈ ਤੱਕ ਲਗਾਏ ਜਾਣਗੇ ਖੂਨਦਾਨ ਅਤੇ ਜਾਗਰੂਕਤਾ ਕੈਂਪ

ਤਰਨਤਾਰਨ 20 ਜੂਨ ( ) ਡਿਪਟੀ ਕਮਿਸ਼ਨਰ ਤਰਨਤਾਰਨ ਮੁਨੀਸ਼ ਕੁਮਾਰ ਵੱਲੋਂ ਵਿਸ਼ਵ ਖੂਨਦਾਨ ਦਿਵਸ ਸਬੰਧੀ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਖੂਨਦਾਨ ਕਰਨ ਅਤੇ ਹੋਰ ਲੋਕਾਂ ਨੂੰ ਇਸ ਲਈ ਪ੍ਰੇਰਿਤ ਕਰਨ ਸਬੰਧੀ ਸੂੰਹ ਵੀ ਚੁੱਕੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮੁਨੀਸ਼ ਕੁਮਾਰ ਨੇ ਦੱਸਿਆ ਕਿ 14 ਜੁਲਾਈ ਤੱਕ ਮਹੀਨਾ ਪਰ ਸਹੁੰ ਚੁੱਕ ਸਮਾਗਮ ਅਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਕਿ ਕਿਸੇ ਵੀ ਵਿਅਕਤੀ ਦੀ ਜਾਨ ਖੂਨ ਦੀ ਕਮੀ ਹੋਣ ਕਾਰਨ ਨਾ ਜਾ ਸਕੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ 65 ਸਾਲ ਦੀ ਉਮਰ ਤੱਕ ਦੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਵਿੱਚ ਇਹ ਵਹਿਮ ਹੁੰਦਾ ਹੈ ਕਿ ਖੂਨਦਾਨ ਕਰਨ ਨਾਲ ਸ਼ਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ, ਪਰ ਅਜਿਹਾ ਕੁਝ ਨਹੀਂ ਹੁੰਦਾ। ਸਗੋ ਸਾਡੇ ਸਰੀਰ ਅੰਦਰ ਖੂਨ ਦੀ ਭਰਪਾਈ ਆਪਣੇ ਆਪ ਪੂਰੀ ਹੋ ਜਾਂਦੀ ਹੈ।ਇਸ ਲਈ ਖੂਨਦਾਨ ਕਰਨ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ ਕਿਊਂਕਿ ਖੂਨਦਾਨ ਇਕ ਮਹਾਦਾਨ ਹੈ ਇਸ ਨਾਲ ਕਿਸੇ ਮਨੁੱਖੀ ਜੀਵਨ ਨੂੰ ਬਚਾਇਆ ਜਾ ਸਕਦਾ ਹੈ।
ਇਸ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਨੇ ਕਿਹਾ ਕਿ ਖੂਨ ਦੀ ਇੱਕ-ਇੱਕ ਬੂੰਦ ਬਹੁਤ ਕੀਮਤੀ ਹੈ, ਜੋ ਕਿ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ। ਖੂਨਦਾਨ ਕਰਨਾ ਵੀ ਮਾਨਵਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਸਿਰਫ ਇੱਕ ਹੀ ਮਰੀਜ਼ ਨੂੰ ਨਹੀਂ ਬਲਕਿ 4 ਮਰੀਜ਼ਾਂ ਨੂੰ ਫਾਇਦਾ ਮਿਲਦਾ ਹੈ ਕਿਉਂਕਿ ਖੂਨ ਦੇ ਚਾਰ ਕੰਪੋਨੈਂਟ ਪਲਾਜ਼ਮਾ, ਆਰ.ਬੀ.ਸੀ., ਪਲੈਟਲੇਟ ਦੇੇ ਤੌਰ ਤੇ ਅਤੇ ਹੀਊਫੀਲੀਆਂ ਦੇ ਮਰੀਜ਼ਾਂ ਵਿੱਚ ਕਲੋਟਿੰਗ ਫੈਕਟਰ ਵਾਸਤੇ ਕੰਮ ਆਉਂਦਾ ਹੈ।
ਡਾ. ਰੇਖਾ ਬਲੱਡ ਟ੍ਰਾਸਫਿਊਜ਼ਨ ਅਫਸਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ 14 ਜੂਨ ਨੂੰ ਵੀ ਰੈੱਡ ਕਰਾਸ ਦੀ ਸਹਾਇਤਾ ਦੇ ਨਾਲ ਸਿਵਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 18 ਯੂਨਿਟ ਖੂਨ ਇਕੱਠਾ ਕੀਤਾ ਗਿਆ ਅਤੇ ਫਿਰ 16 ਜੂਨ ਨੂੰ 103(ਬੀ.ਐੱਨ.) ਬੀ.ਐੱਸ.ਐੱਫ. ਅਮਰਕੋਟ ਵਿਖੇ ਖੂਨਦਾਨ ਦਾ ਸਪੈਸ਼ਲ ਕੈਂਪ ਲਗਾਇਆ ਗਿਆ, ਜਿਸ ਵਿੱਚ 24 ਯੂਨਿਟ ਖੂਨ ਇਕੱਠਾ ਕੀਤਾ ਗਿਆ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਵਿਅਕਤੀ ਸਵੈ ਇੱਛੂਕ ਖੂਨਦਾਨ ਕਰਨਾ ਚਾਹੁੰਦੇ ਹਨ, ਉਹ ਆਪਣੇ ਆਪ ਨੂੰ ਈ-ਰਕਤਕੋਸ਼ ਵੈਭਸਾਈਟ ਤੇ ਜਾ ਕੇ ਰਜਿਸਟਰਡ ਕਰਕੇ ਜ਼ਰੂਰਤ ਮੁਤਾਬਿਕ ਖੂਨਦਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਬਲਾਕ ਪੱਧਰ ਅਤੇ ਸਬ ਡਵੀਜ਼ਨਲ ਪੱਧਰ ਤੇ ਬਲੱਡ ਗਰੁੱਪ ਟੈਸਟਿੰਗ ਮਹੁੱਈਆਂ ਕਰਵਾਈ ਜਾ ਰਹੀ ਹੈ, ਜਿੱਥੇ ਖੂਨਦਾਨ ਕਰਨ ਦੇ ਇਛੁੱਕ ਵਿਅਕਤੀ ਆਪਣਾ ਖੂਨਦਾਨ ਕਰ ਸਕਣਗੇ।