ਸਿਹਤ ਵਿਭਾਗ ਵਲੋਂ ਗੈਰ ਸੰਚਾਰੀ ਰੋਗਾ ਦੀ ਰੋਕਥਾਮ ਲਈ ਸਕਰੀਨਿੰਗ ਮੁਹਿੰਮ ਸ਼ੁਰੂ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

ਸਿਹਤ ਵਿਭਾਗ ਵਲੋਂ ਗੈਰ ਸੰਚਾਰੀ ਰੋਗਾ ਦੀ ਰੋਕਥਾਮ ਲਈ ਸਕਰੀਨਿੰਗ ਮੁਹਿੰਮ ਸ਼ੁਰੂ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ, ਫਰਵਰੀ 21
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਵੱਲੋਂ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਸਬੰਧੀ ਪ੍ਰਾਪਤ ਦਿਸ਼ਾ – ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ, ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਜਿਲੇ ਦੇ ਵਿੱਚ ਗੈਰ ਸੰਚਾਰੀ ਰੋਗਾਂ ਵਿਰੁੱਧ ਸ਼ੁਰੂ ਕੀਤੀ ਗਈ ਸਕਰੀਨਿੰਗ ਮੁਹਿੰਮ ਬਾਰੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਅਤੇ ਨੋਡਲ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਰੋਗਾ ਜਿਵੇਂ ਕਿ ਹਾਈਪਰਟੈਂਸ਼ਨ, ਸ਼ੂਗਰ ਅਤੇ ਤਿੰਨ ਪ੍ਰਕਾਰ ਦੇ ਕੈਂਸਰ ( ਮੂੰਹ, ਛਾਤੀ ਅਤੇ ਸਰਵਾਇਕਲ) ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦਿਆਂ, ਵਿਸ਼ੇਸ਼ ਮੁਹਿੰਮ 20 ਫਰਵਰੀ ਤੋਂ ਲੈ ਕੇ 31 ਮਾਰਚ, 2025 ਤੱਕ ਚਲਾਈ ਜਾ ਰਹੀ ਹੈ। ਜਿਸ ਵਿੱਚ ਜ਼ਿਲੇ ਦੇ 30 ਸਾਲਾਂ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੀ ਗੈਰ ਸੰਚਾਰੀ ਰੋਗਾਂ ਸਬੰਧੀ ਸਿਹਤ ਕਰਮੀਆਂ ਵੱਲੋਂ ਸਕਰੀਨਿੰਗ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਸਕਰੀਨਿੰਗ ਦਾ ਮੁੱਖ ਮੰਤਵ ਉਹਨਾਂ ਸਾਰੇ ਮਰੀਜ਼ਾਂ ਦੀ ਸ਼ਨਾਖਤ ਕਰਨਾ ਹੈ, ਜੋ ਗੈਰ ਸੰਚਾਰੀ ਰੋਗਾਂ ਤੋਂ ਪੀੜਿਤ ਹਨ। ਤਾਂ ਜੋ ਉਹਨਾਂ ਦਾ ਤੁਰੰਤ ਇਲਾਜ ਯਕੀਨੀ ਬਣਾਇਆ ਜਾ ਸਕੇ, ਸਿਵਲ ਸਰਜਨ ਡਾ. ਰਾਏ ਨੇ ਦੱਸਿਆ ਕਿ ਹਰ ਸਾਲ ਬਹੁਤ ਹੀ ਕੀਮਤੀ ਜਾਨਾਂ ਗੈਰ ਸੰਚਾਰੀ ਰੋਗਾਂ ਕਾਰਨ ਚਲੀਆਂ ਜਾਂਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ੁਰੂ ਕੀਤੀ ਗਈ, ਇਸ ਮੁਹਿੰਮ ਰਾਹੀਂ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਕਾਬੂ ਹੇਠ ਰੱਖਿਆ ਜਾਵੇਗਾ।
ਸਿਵਲ ਸਰਜਨ ਡਾ. ਰਾਏ ਵੱਲੋਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕਾਂ ਦੇ ਵਿੱਚ ਹੈਲਥ ਐਂਡ ਵੈਲਨੈਸ ਸੈਂਟਰਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਈਮਰੀ ਹੈਲਥ ਸੈਂਟਰਾਂ ਉੱਤੇ ਐਨ.ਸੀ.ਡੀ ਕਾਰਨਰ ਸਥਾਪਿਤ ਕਰਨ ਤਾਂ ਜੋ ਸਿਹਤ ਸੰਸਥਾਵਾਂ ਵਿਖੇ ਇਲਾਜ ਲਈ ਆਉਣ ਵਾਲੇ 30 ਸਾਲਾਂ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੇ ਬਲੱਡ ਪ੍ਰੈਸ਼ਰ, ਡਾਇਬਟੀਜ, ਸਰੀਰਕ ਭਾਰ ਅਤੇ ਕੱਦ ਮਾਪਿਆ ਜਾ ਸਕੇ।
ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਤਾਇਨਾਤ ਆਸ਼ਾ ਵਰਕਰਜ ਵੱਲੋਂ ਵੀ ਗੈਰ ਸੰਚਾਰੀ ਰੋਗਾਂ ਵਿਰੁੱਧ ਸ਼ੁਰੂ ਕੀਤੀ ਗਈ, ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ। ਡਾ. ਰਾਏ ਨੇ ਕਿਹਾ ਕਿ ਆਸ਼ਾ ਵਰਕਰਜ ਆਪਣੇ-ਆਪਣੇ ਪਿੰਡਾਂ ਦੇ ਵਿੱਚ 30 ਸਾਲਾਂ ਤੋਂ ਵੱਧ ਵਾਲੀ ਆਬਾਦੀ ਵਾਲੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਵੱਧ ਤੋਂ ਵੱਧ ਜਾਗਰੂਕ ਅਤੇ ਸਿਹਤ ਜਾਂਚ ਲਈ ਪ੍ਰੇਰਿਤ ਕਰਨ। ਸਿਵਲ ਸਰਜਨ ਡਾ. ਰਾਏ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਮਰੀਜ਼ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਐਨਸੀਡੀ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਿਹਤ ਕਰਮੀਆਂ ਵੱਲੋਂ ਗੈਰ ਸੰਚਾਰੀ ਰੋਗ ਤੋਂ ਪੀੜਤ ਵਿਅਕਤੀ ਦਾ ਰਿਕਾਰਡ ਆਧੁਨਿਕ ਢੰਗ ਨਾਲ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ, ਮੁਹਿੰਮ ਬਾਰੇ ਰੋਜ਼ਾਨਾ ਬਲਾਕਾਂ ਦੇ ਅਧਿਕਾਰੀਆਂ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਸਿੰਘ ਗਿੱਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ ਤੋਂ ਇਲਾਵਾ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਨੋਡਲ ਅਫਸਰ ਮੌਜੂਦ ਰਹੇ।