ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲ ਬਣ ਰਹੇ ਨੇ ਵਿਸ਼ਵ ਪੱਧਰੀ- ਵਿਧਾਇਕ ਸਰਵਨ ਸਿੰਘ ਧੁੰਨ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲ ਬਣ ਰਹੇ ਨੇ ਵਿਸ਼ਵ ਪੱਧਰੀ- ਵਿਧਾਇਕ ਸਰਵਨ ਸਿੰਘ ਧੁੰਨ
ਸਕੂਲਾਂ ਵਿੱਚ ਹੋਣਗੀਆਂ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ – ਬੀ ਈ ਈ ਓ ਪਾਰਸ ਖੁੱਲਰ
ਖੇਮਕਰਨ 30 ਅਪ੍ਰੈਲ
ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਕੂਲਾਂ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ। ਇਹਨਾਂ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਖੇਮਕਰਨ ਐਮ ਐਲ ਏ ਸ੍ਰ ਸਰਵਨ ਸਿੰਘ ਧੁੰਨ ਵੱਲੋਂ ਸਰਕਾਰੀ ਐਲੀਮੈਟਰੀ ਸਕੂਲ ਆਸਲ ਉਤਾੜ, ਸਰਕਾਰੀ ਹਾਈ ਸਕੂਲ ਆਸਲ ਉਤਾੜ, ਸਰਕਾਰੀ ਹਾਈ ਸਕੂਲ ਕੋਟਲੀ ਵਸਾਵਾ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਗਜ਼ਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਰੱਤੋ ਕੇ ਗੁਰਦੁਆਰਾ ਵਿੱਚ ਤਕਰੀਬਨ 65 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾ ਦਾ ਉਦਘਾਟਨ ਕੀਤਾ ਗਿਆ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੱਕੀ ਨੀਤੀ ਅਤੇ ਇਰਾਦੇ ਨਾਲ ਸਰਕਾਰੀ ਸਕੂਲਾਂ ਨੂੰ ਮਾਡਰਨ ਬਣਾਉਣ ਦੇ ਰਸਤੇ ਤੇ ਕੰਮ ਕਰ ਰਹੀ ਹੈ । ਇਸ ਮੌਕੇ ਉਹਨਾਂ ਸਕੂਲਾਂ ਦੀਆਂ ਸ਼ਾਨਦਾਰ ਲਾਇਬ੍ਰੇਰੀਆਂ , ਕੰਪਿਊਟਰ ਲੈਬ ਅਤੇ ਸਾਇੰਸ ਲੈਬ ਦੇਖਣ ਤੋਂ ਬਾਅਦ ਉਹਨਾਂ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਸਮੂਹ ਸਟਾਫ ਦੀ ਰੱਜਵੀਂ ਪ੍ਰਸ਼ੰਸ਼ਾ ਕੀਤੀ । ਇਸ ਮੌਕੇ ਸਰਪੰਚ ਕਾਲਾ ਸਿੰਘ ਸਰਪੰਚ ਓਮਕਾਰ ਸਿੰਘ ਅਤੇ ਸਰਪੰਚ ਹਰਜੀਤ ਸਿੰਘ, ਸਰਪੰਚ ਪਰਵਿੰਦਰ ਸਿੰਘ, ਗੁਰਜੰਟ ਸਿੰਘ ਵੱਲੋਂ ਸਰਕਾਰ ਦੀਆਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰੀ ਪਾਰਸ ਖੁੱਲਰ ਨੇ ਕਿਹਾ ਕਿ ਭਵਿੱਖ ਵਿੱਚ ਹਲਕੇ ਦੇ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਸਰਕਾਰ ਦੀ ਮਦਦ ਨਾਲ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਇਸ ਮੌਕੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ, ਸਮੂਹ ਕਮੇਟੀ ਮੈਂਬਰ, ਪਿੰਡ ਵਾਸੀ ਤੇ ਬੱਚਿਆ ਦੇ ਮਾਪੇ ਵੀ ਮੌਜੂਦ ਸਨ।