ਸੇਵਾ ਕੇਂਦਰਾਂ ‘ਚ ਅਸਲਾ-ਮੁਕਤ ਖੇਤਰ, ਈ-ਸ਼੍ਰਮ ਅਤੇ ਅਸ਼ਟਾਮ ਲਾਇਸੰਸ ਦੀਆਂ ਨਵੀਆਂ ਸੇਵਾਵਾਂ ਸ਼ੁਰੂ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਸੇਵਾ ਕੇਂਦਰਾਂ ‘ਚ ਅਸਲਾ-ਮੁਕਤ ਖੇਤਰ, ਈ-ਸ਼੍ਰਮ ਅਤੇ ਅਸ਼ਟਾਮ ਲਾਇਸੰਸ ਦੀਆਂ ਨਵੀਆਂ ਸੇਵਾਵਾਂ ਸ਼ੁਰੂ – ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ਤੱਕ ਪੁਹੰਚ ਬਣਾਉਣ ਦੀ ਕੀਤੀ ਅਪੀਲ
ਤਰਨ ਤਾਰਨ 17 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਗਰਿਕਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 22 ਸੇਵਾ ਕੇਂਦਰ ਕਾਰਜਸ਼ੀਲ ਹਨ, ਜਿਨ੍ਹਾਂ ਤੋਂ ਜ਼ਿਲ੍ਹੇ ਦੇ ਆਮ ਲੋਕ ਵੱਖ ਵੱਖ ਸੇਵਾਵਾਂ ਦਾ ਲਾਭ ਇੱਕੋ ਛੱਤ ਥੱਲੇ ਉਠਾ ਰਹੇ ਹਨ । ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ ਨਾਗਰਿਕਾਂ ਦੀ ਸੁਵਿਧਾਵਾਂ ਵਿੱਚ ਵਾਧਾ ਕਰਦਿਆ ਸੇਵਾ ਕੇਂਦਰਾਂ ਰਾਹੀਂ ਅਸਲਾ-ਮੁਕਤ ਖੇਤਰ, ਈ-ਸ਼੍ਰਮ, ਅਸ਼ਟਾਮ ਲਾਇਸੰਸ ਦੀਆਂ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਹੁਣ ਇਨ੍ਹਾਂ ਸੇਵਾਵਾਂ ਦੇ ਸੁ਼ਰੂ ਹੋਣ ਨਾਲ ਜ਼ਿਲ੍ਹੇ ਦੇ ਲੋਕ ਲਗਭਗ 440 ਸੇਵਾਵਾਂ ਦਾ ਲਾਭ ਸੇਵਾ ਕੇਂਦਰਾਂ ਰਾਹੀ ਲੈ ਸਕਣਗੇ।
ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਦੱਸਿਆ ਕਿ ਅਸਲਾ-ਮੁਕਤ ਖੇਤਰ ਨਾਂ ਦੀ ਇਸ ਸੇਵਾ ਰਾਹੀਂ ਨਿਰਧਾਰਤ ਖੇਤਰਾਂ (ਪੂਜਾ ਸਥਾਨ, ਮੈਰਿਜ ਪੈਲੇਸ, ਹੋਟਲ, ਗੈਸਟ ਹਾਊਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਅਤੇ ਹੋਰ) ਸਥਾਨਾਂ ਨੂੰ ਅਸਲਾ-ਮੁਕਤ ਖੇਤਰ ਘੋਸ਼ਿਤ ਕਰਵਾਉਣ ਲਈ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ।
ਸੇਵਾ ਈ-ਸ਼੍ਰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰ ਵਿੱਚ ਹੁਣ ਈ-ਸ਼੍ਰਮ ਸੇਵਾ ਚੱਲ ਰਹੀ ਹੈ, ਜਿਸ ਵਿੱਚ ਵਿਅਕਤੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ। ਇਸ ਸਰਵਿਸ ਨੂੰ ਕੋਈ ਵੀ ਵਿਅਕਤੀ ਅਪਲਾਈ ਕਰਵਾ ਸਕਦਾ ਹੈ, ਪਰ ਇਸ ਸਰਵਿਸ ਲਈ ਬਿਨੈਕਾਰ ਦਾ ਕਿਸੇ ਵੀ ਤਰ੍ਹਾਂ ਦਾ ਫੰਡ ਸਰਕਾਰੀ ਜਾਂ ਗੈਰ ਸਰਕਾਰੀ ਫੰਡ ਨਾਂ ਕੱਟਦਾ ਹੋਵੇ।
ਡਿਪਟੀ ਕਮਿਸ਼ਨਰ ਨੇ ਸੇਵਾਵਾਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਵਾਂ ਅਸ਼ਟਾਮ ਲਾਇਸੰਸ ਜਾਂ ਲਾਇਸੰਸ ਨਵਿਆਉਣ ਲਈ ਵੀ ਸੇਵਾ ਕੇਂਦਰ ‘ਤੇ ਪੁਹੰਚ ਬਣਾਈ ਜਾ ਸਕਦੀ ਹੈ।