ਬੰਦ ਕਰੋ

ਸੇਵਾ ਕੇਂਦਰਾਂ ਵਿੱਚ ਹੁਣ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਆਮ ਲੋਕਾਂ ਲਈ ਉਪਲੱਬਧ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 16/07/2025

ਸੇਵਾ ਕੇਂਦਰਾਂ ਵਿੱਚ ਹੁਣ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਆਮ ਲੋਕਾਂ ਲਈ ਉਪਲੱਬਧ-ਡਿਪਟੀ ਕਮਿਸ਼ਨਰ

ਤਰਨ ਤਾਰਨ, 15 ਜੁਲਾਈ:

ਪੰਜਾਬ ਸਰਕਾਰ ਦੀ ਈ-ਗਵਰਨੈਂਸ ਮੁਹਿੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ, ਹੁਣ ਸੇਵਾ ਕੇਂਦਰਾਂ ਤੋਂ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਆਮ ਲੋਕਾਂ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਹ ਸੇਵਾਵਾਂ ਨਾਗਰਿਕਾਂ ਨੂੰ ਪਾਰਦਰਸ਼ਤਾ, ਸਮੇਂ ਦੀ ਬੱਚਤ ਅਤੇ ਸਹੂਲਤ ਦੋਵੇਂ ਪ੍ਰਦਾਨ ਕਰਨਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਮਾਲ ਵਿਭਾਗ ਦੀਆਂ ਸ਼ੁਰੂ ਕੀਤੀਆਂ ਗਈਆਂ 6 ਸੇਵਾਵਾਂ ਵਿੱਚੋਂ ਪਹਿਲੀ ਸੇਵਾ ਡਿਜ਼ੀਟਲ ਫਰਦ ਹੈ। ਹੁਣ ਇਹ ਦਸਤਾਵੇਜ਼ ਸੇਵਾ ਕੇਂਦਰ ਤੋਂ ਲਿਆ ਜਾ ਸਕਦਾ ਹੈ ਅਤੇ ਇਹ ਦਸਤਾਵੇਜ਼ ਨਾਗਰਿਕਾਂ ਨੂੰ ਉਨ੍ਹਾਂ ਦੇ ਮੋਬਾਈਲ ‘ਤੇ ਵਟਸਐਪ ਰਾਹੀਂ ਵੀ ਭੇਜਿਆ ਜਾਵੇਗਾ। ਇਸ ਕਾਰਨ, ਲੋਕਾਂ ਨੂੰ ਵਾਰ-ਵਾਰ ਦਫ਼ਤਰ ਨਹੀਂ ਜਾਣਾ ਪਵੇਗਾ। ਦੂਜੀ ਸੇਵਾ ਤਹਿਤ ਵਿਰਾਸਤੀ ਤਬਾਦਲੇ ਲਈ ਅਰਜ਼ੀ ਹੁਣ ਸੇਵਾ ਕੇਂਦਰ ‘ਤੇ ਦਿੱਤੀ ਜਾ ਸਕਦੀ ਹੈ। ਤੀਜੀ ਸੇਵਾ ਵਿੱਚ ਰਜਿਸਟਰਡ ਵਸੀਅਤ ਦੇ ਆਧਾਰ ‘ਤੇ ਤਬਾਦਲੇ ਲਈ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ।

ਚੌਥੀ ਸੇਵਾ ਵਿੱਚ, ਫਰਦ ਦੇ ਰਿਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ। ਕਰਜ਼ੇ ਅਤੇ ਅਦਾਲਤੀ ਕੇਸ ਨਾਲ ਸਬੰਧਤ ਰਿਪੋਰਟਾਂ ਦਰਜ ਕਰਨ ਦੀ ਸਹੂਲਤ ਪੰਜਵੀਂ ਸੇਵਾ ਵਿੱਚ, ਲੋਕਾਂ ਨੂੰ ਕਰਜ਼ਾ ਲੈਣ ਜਾਂ ਅਦਾਲਤੀ ਕੇਸ ਵਿੱਚ ਵਰਤੋਂ ਲਈ ਲੋੜੀਂਦੀ ਰਪਟ ਦਰਜ ਕਰਨ ਦਾ ਵਿਕਲਪ ਮਿਲੇਗਾ। ਛੇਵੀਂ ਸੇਵਾ “ਸਬਸਕ੍ਰਿਪਸ਼ਨ ਸੇਵਾ” ਹੈ, ਜਿਸ ਵਿੱਚ ਨਾਗਰਿਕ ਸੇਵਾ ਕੇਂਦਰ ਵਿੱਚ ਆਪਣਾ ਜ਼ਮੀਨੀ ਖਾਤਾ ਮੋਬਾਈਲ ਨੰਬਰ ਨਾਲ ਰਜਿਸਟਰ ਕਰ ਸਕਦੇ ਹਨ। ਇਸ ਤੋਂ ਬਾਅਦ, ਜਿਵੇਂ ਹੀ ਕੋਈ ਉਸ ਜ਼ਮੀਨ ਨਾਲ ਛੇੜਛਾੜ ਕਰਦਾ ਹੈ, ਭਾਵੇਂ ਕੋਈ ਲੈਣ-ਦੇਣ ਜਾਂ ਰਿਕਾਰਡ ਵਿੱਚ ਤਬਦੀਲੀ ਕੀਤੀ ਜਾਂਦੀ ਹੈ, ਨਾਗਰਿਕ ਨੂੰ ਤੁਰੰਤ ਵਟਸਐਪ ਮੈਸੇਜ ਅਤੇ ਈਮੇਲ ਰਾਹੀਂ ਜਾਣਕਾਰੀ ਮਿਲ ਜਾਵੇਗੀ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਵੀ ਉਪਲੱਬਧ ਹਨ।

ਇਸੇ ਤਰਾਂ ਟਰਾਂਸਪੋਰਟ ਵਿਭਾਗ ਦੀਆਂ ਕੁੱਲ 29 ਸੇਵਾਵਾਂ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਪਤਾ ਤਬਦੀਲੀ, ਵਾਹਨ ਟਰਾਂਸਫਰ ਆਦਿ ਹੁਣ ਸੇਵਾ ਕੇਂਦਰਾਂ ਤੋਂ ਵੀ ਉਪਲੱਬਧ ਹੋਣਗੀਆਂ। ਜਨਤਾ ਨੂੰ ਘਰ ਬੈਠੇ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, 1076 ਦੀ ਸੇਵਾ ਸ਼ੁਰੂ ਕੀਤੀ ਹੋਈ ਹੈ, ਜਿਸ ‘ਤੇ ਡਾਇਲ ਕਰਕੇ, ਕੋਈ ਵੀ ਨਾਗਰਿਕ ਆਪਣੀ ਸਹੂਲਤ ਅਨੁਸਾਰ ਸਮਾਂ ਨਿਰਧਾਰਤ ਕਰ ਸਕਦਾ ਹੈ ਅਤੇ ਸੇਵਾ ਕੇਂਦਰ ਦਾ ਪ੍ਰਤੀਨਿਧੀ ਘਰ ਆ ਕੇ ਸਬੰਧਤ ਸੇਵਾ ਪ੍ਰਦਾਨ ਕਰੇਗਾ।