ਸੜਕੀ ਹਾਦਸਿਆਂ ਵਿੱਚ ਜ਼ਖਮੀ ਵਿਅਕਤੀਆਂ ਲਈ ਵਰਦਾਨ ਬਣ ਰਹੀ ਹੈ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ: ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ
ਸੜਕੀ ਹਾਦਸਿਆਂ ਵਿੱਚ ਜ਼ਖਮੀ ਵਿਅਕਤੀਆਂ ਲਈ ਵਰਦਾਨ ਬਣ ਰਹੀ ਹੈ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ: ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ, 20 ਜਨਵਰੀ: ਪੰਜਾਬ ਸਰਕਾਰ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਕਾਰਨ ਮੌਤ ਦਰ ਨੂੰ ਘਟਾਉਣ ਲਈ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਬਾਰੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਧ ਤੋਂ ਵੱਧ ਜਾਗਰੂਕਤਾ ਫੈਲਾ ਰਿਹਾ ਹੈ ਤਾਂ ਜੋ ਲੋਕ ਇਸ ਸਕੀਮ ਬਾਰੇ ਜਾਣੂ ਹੋਣ।
ਫਰਿਸ਼ਤੇ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸੜਕੀ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਤੇ ਮੰਤਵ ਨਾਲ ਜ਼ਿਲੇ ਦੇ ਸਰਕਾਰੀ ਅਤੇ ਕੁਝ ਨਿਜੀ ਹਸਪਤਾਲਾਂ ਨੂੰ ਐਮਪੈਨਲਡ ਕੀਤਾ ਗਿਆ ਹੈ ਜਿੱਥੇ ਜ਼ਖਮੀ ਵਿਅਕਤੀਆਂ ਦਾ ਇਲਾਜ ਫੌਰੀ ਕੀਤਾ ਜਾਵੇਗਾ ਤਾਂ ਜੋ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਜਾਨਾਂ ਬਚਾਉਣ ਲਈ ਕੀਤਾ ਗਿਆ ਇਹ ਉਪਰਾਲਾ ਕਈ ਅਨਮੋਲ ਜਾਨਾਂ ਬਚਾਉਣ ਵਿੱਚ ਸਹਾਈ ਹੋ ਰਿਹਾ ਹੈ।
ਸਿਵਲ ਸਰਜਨ ਡਾ. ਰਾਏ ਨੇ ਕਿਹਾ ਕਿ ਹਸਪਤਾਲਾਂ ਅਤੇ ਪੁਲਿਸ ਦੀ ਪੁੱਛ ਗਿੱਛ ਤੋਂ ਬਚਣ ਲਈ ਕਈ ਵਾਰ ਸੜਕੀ ਹਾਦਸਿਆਂ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਲੋਕ ਹਸਪਤਾਲ ਵਿਖੇ ਲੈ ਕੇ ਜਾਣ ਵਿੱਚ ਝਿਜਕਦੇ ਸਨ, ਜਿਸ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ ਪਰ ਹੁਣ ਫਰਿਸ਼ਤੇ ਸਕੀਮ ਰਾਹੀਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਬੇਲੋੜੀ ਪੁੱਛਗਿੱਛ ਨਹੀਂ ਚੱਲਣੀ ਪਵੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ 11 ਸਰਕਾਰੀ ਅਤੇ 15 ਨਿਜ਼ੀ ਹਸਪਤਾਲਾਂ ਨੂੰ ਜੋੜਿਆ ਗਿਆ ਹੈ।
ਡਿਪਟੀ ਮੈਡੀਕਲ ਕਮਿਸ਼ਨਰ, ਡਾ. ਸੰਦੀਪ ਸਿੰਘ ਕਾਲੜਾ ਨੇ ਕਿਹਾ ਕਿ ਫਰਿਸ਼ਤੇ ਸਕੀਮ ਤਹਿਤ ਜ਼ਖਮੀ ਵਿਅਕਤੀਆਂ ਨੁੰ ਹਸਪਤਾਲਾਂ ਤੱਕ ਪਹਿੁਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ ਫਰਿਸ਼ਤਾ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਸੜਕੀ ਹਾਦਸੇ ਵਿੱਚ ਜ਼ਖਮੀ ਹੋਏ ਪੀੜਤ ਦੀ ਮਦਦ ਲਈ 108 ਅਤੇ 112 ਟੋਲ ਫ੍ਰੀ ਨੰਬਰਾਂ ‘ਤੇ ਫੋਨ ਕਰਕੇ ਐਂਬੂਲੈਂਸ ਅਤੇ ਐਸ ਐਸ ਐਫ਼ (ਪੁਲਿਸ ਵਿਭਾਗ) ਦੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹਨ।