ਜ਼ਿਲੇ੍ਹ ਅੰਦਰ ਮਾਈਨਿੰਗ ਖੇਤਰ ਦੇ ਵਿਕਾਸ ਲਈ ਉਲੀਕੀ ਜਾਵੇਗੀ ਵਿਸ਼ੇਸ ਯੋਜਨਾ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 28/12/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲੇ੍ਹ ਅੰਦਰ ਮਾਈਨਿੰਗ ਖੇਤਰ ਦੇ ਵਿਕਾਸ ਲਈ ਉਲੀਕੀ ਜਾਵੇਗੀ ਵਿਸ਼ੇਸ ਯੋਜਨਾ-ਡਿਪਟੀ ਕਮਿਸ਼ਨਰ
ਤਰਨ ਤਾਰਨ, 28 ਦਸੰਬਰ :
ਜ਼ਿਲ੍ਹੇ ਅੰਦਰ ਮਾਈਨਿੰਗ ਖੇਤਰ ਅੰਦਰ ਵਿਕਾਸ ਕਾਰਜਾਂ ਦੀ ਵਿਉਂਤਬੰਦੀ ਲਈ ਜ਼ਿਲਾ ਮਾਈਨਿੰਗ ਫਾਊਂਡੇਸ਼ਨ, ਤਰਨ ਤਾਰਨ ਦੀ ਪਲੇਠੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਜਿਲਾ ਚੇਅਰਮੈਨ, ਜ਼ਿਲ੍ਹਾ ਮਾਈਨਿੰਗ ਫਾਊਂਡੇਸ਼ਨ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਪੱਟੀ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰੋਹਿਤ ਗੁਪਤਾ, ਐੱਸ. ਪੀ. ਸ੍ਰੀ ਜਗਜੀਤ ਸਿੰਘ ਵਾਲੀਆਂ ਅਤੇ ਉਪ-ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਵਿਚ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਈਨਿੰਗ ਖੇਤਰ ਦੇ ਏਰੀਏ ਅੰਦਰ ਲੋਕਾਂ ਦੀ ਮੁਸ਼ਕਲਾਂ ਦੇ ਨਿਪਟਾਰੇ ਲਈ ਸਰਕਾਰ ਵਲੋਂ ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦਾ ਕੰਮ ਜ਼ਿਲੇ੍ਹ ਅੰਦਰ ਮਾਈਨਿੰਗ ਪ੍ਰਕਿਰਿਆ ਤੇ ਨਿਗਰਾਨੀ ਰੱਖਣਾ ਹੋਵੇਗਾ, ਉਥੇ ਨਾਲ ਹੀ ਉਸ ਖੇਤਰ ਨਾਲ ਸਬੰਧਤ ਲੋਕਾਂ ਨੂੰ ਮਾਈਨਗ ਤੋਂ ਹੋਣ ਵਾਲੇ ਦੁਸ਼-ਪ੍ਰਭਾਵਾਂ ਤੋਂ ਬਚਾਅ ਕਰਨਾ ਵੀ ਹੋਵੇਗਾ।
ਉਹਨਾ ਦੱਸਿਆ ਕਿ ਮਾਈਨਿੰਗ ਖੇਤਰ ਅੰਦਰ ਸਿਹਤ, ਸਿਖਿਆ, ਆਂਗਨਵਾੜੀ ਸੈਂਟਰ, ਪੀਣ ਵਾਲੇ ਪਾਣੀ ਦੀ ਸਹੂਲਤ ਅਤੇ ਖੇਡ ਗਤੀਵਿਧੀਆਂ ਨੂੰ ਪ੍ਰਫੁਲਤ ਕਰਨ ਲਈ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿੱਤ ਜਿਲਾ ਮਿਨਰਲ ਫੰਡਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜ਼ਿਲਾ ਮਾਈਨਿੰਗ ਅਫਸਰ ਵਲੋਂ ਦੱਸਿਆ ਗਿਆ ਕਿ ਤਰਨ ਤਾਰਨ ਜਿਲੇ ਅੰਦਰ ਇਸ ਸਮੇਂ ਪਿੰਡ ਜੱਲੋਕੇ ਵਿਖੇ ਇਕ ਹੀ ਮਾਈਨ ਕੰਮ ਕਰ ਰਹੀ ਹੈ ਅਤੇ ਤਰਨ ਤਾਰਨ ਜ਼ਿਲ੍ਹੇ ਪਾਸ ਲਗਭਗ 12 ਲੱਖ ਰੁਪਏ ਜ਼ਿਲ੍ਹਾ ਮਿਨਰਲ ਫੰਡਜ਼ ਉਪਲੱਬਧ ਹਨ।
ਡਿਪਟੀ ਕਮਿਸ਼ਨਰ ਵਲੋਂ ਸਮੂਹ ਵਿਭਾਗਾਂ ਨੂੰ ਆਦੇਸ਼ ਕੀਤੇ ਗਏ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਮਾਈਨਿੰਗ ਖੇਤਰ ਅੰਦਰ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀਆਂ ਤਜਵੀਜ਼ਾਂ 1 ਹਫ਼ਤੇ ਦੇ ਅੰਦਰ-ਅੰਦਰ ਭੇਜਣ ਤਾਂ ਜੋ ਮਾਈਨਿੰਗ ਖੇਤਰ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਕੁਝ ਹੱਦ ਤੱਕ ਦੂਰ ਕੀਤੀਆਂ ਜਾ ਸਕਣ।
————–