ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ’ਚ ਹੁਣ ਤੱਕ ਹੋਈ 8805 ਮੀਟ੍ਰਿਕ ਟਨ ਕਣਕ ਦੀ ਆਮਦ
ਪ੍ਰਕਾਸ਼ਨ ਦੀ ਮਿਤੀ : 16/04/2021

ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ’ਚ ਹੁਣ ਤੱਕ ਹੋਈ 8805 ਮੀਟ੍ਰਿਕ ਟਨ ਕਣਕ ਦੀ ਆਮਦ
ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ 1082.5 ਮੀਟ੍ਰਿਕ ਟਨ ਕਣਕ ਦੀ ਖਰੀਦ
ਤਰਨ ਤਾਰਨ, 14 ਅਪ੍ਰੈਲ
ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ ’ਚ ਹੁਣ ਤੱਕ 8805 ਮੀਟ੍ਰਿਕ ਟਨ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1082.5 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣਾ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਨਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਰੋਜ਼ਾਨਾ ਪਾਸ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਮੰਡੀਆਂ ਵਿੱਚ ਜ਼ਿਆਦਾ ਇਕੱਠ ਨਾ ਹੋਵੇ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਕਣਕ ਸੁਕਾ ਕੇ ਲੈ ਕੇ ਆਉਣ ਅਤੇ ਟਰੈਕਟਰ-ਟਰਾਲੀ ’ਤੇ ਇੱਕ ਤੋਂ ਵੱਧ ਵਿਅਕਤੀ ਮੰਡੀਆਂ ਵਿੱਚ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਸੀ ਤਾਲਮੇਲ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਕੇ ਖਰੀਦ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪੜੇ ਚਾੜ੍ਹਨ ਤਾਂ ਜ਼ੋ ਕਿਸੇ ਨੂੰ ਕਣਕ ਦੀ ਖਰੀਦ ਸਬੰਧੀ ਮੁਸ਼ਕਿਲ ਪੇਸ਼ ਨਾ ਆਵੇ।ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕੋਵਿਡ ਦੇ ਨਿਯਮਾਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾ, ਸਮੇਂ ਸਮੇਂ ਤੇ ਹੱਥ ਧੋਣਾ ਆਦਿ ਦੀ ਪਾਲਣਾ ਕੀਤੀ ਜਾਵੇ।
ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੋਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਕਿ ਸਾਰੇ ਕਿਸਾਨ ਭਰਾ ਅਪਣੀ ਫ਼ਸਲ ਸੁੱਕਾ ਕੇ ਲਿਆਉਣ ਤਾਂ ਜੋ ਉਹ ਅਪਣੀ ਫ਼ਸਲ ਦਾ ਸਹੀ ਮੁੱਲ ਲੈ ਸਕਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਵੀਰ ਆਪਣੀਆਂ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾਉਣ।