ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭਰੋਵਾਲ ਦਾ ਕਿਸਾਨ ਵਰਿੰਦਰ ਸਿੰਘ ਆਪਣੇ 20 ਏਕੜ ਝੋਨੇ ਦੀ ਪਰਾਲੀ ਦਾ ਬੇਲਰ ਮਸ਼ੀਨ ਰਾਹੀਂ ਸੁਚੱਜੇ ਤਰੀਕੇ ਨਾਲ ਕਰ ਰਿਹਾ ਹੈ ਪਰਾਲੀ ਪ੍ਰਬੰਧਨ
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭਰੋਵਾਲ ਦਾ ਕਿਸਾਨ ਵਰਿੰਦਰ ਸਿੰਘ ਆਪਣੇ 20 ਏਕੜ ਝੋਨੇ
ਦੀ ਪਰਾਲੀ ਦਾ ਬੇਲਰ ਮਸ਼ੀਨ ਰਾਹੀਂ ਸੁਚੱਜੇ ਤਰੀਕੇ ਨਾਲ ਕਰ ਰਿਹਾ ਹੈ ਪਰਾਲੀ ਪ੍ਰਬੰਧਨ
ਤਰਨ ਤਾਰਨ, 13 ਅਕਤੂਬਰ :
ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਦਾ ਕਿਸਾਨ ਵਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਆਪਣੇ 20 ਏਕੜ ਝੋਨੇ ਦੀ ਪਰਾਲੀ ਦਾ ਬੇਲਰ ਮਸ਼ੀਨ ਰਾਹੀਂ ਸੁਚੱਜੇ ਤਰੀਕੇ ਨਾਲ ਪਰਾਲੀ ਪ੍ਰਬੰਧਨ ਕਰ ਰਿਹਾ ਹੈ।
ਅਗਾਂਹਵਧੂ ਕਿਸਾਨ ਸ੍ਰੀ ਵਰਿੰਦਰ ਸਿੰਘ ਵਾਸੀ ਪਿੰਡ ਭਰੋਵਾਲ ਜੋ ਕਿ 20 ਏਕੜ ਰਕਬੇ ਵਿੱਚ ਵਾਹੀ ਕਰਦਾ ਹੈ। ਕਿਸਾਨ ਵਰਿੰਦਰ ਸਿੰਘ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਬਲਾਕ ਖਡੂਰ ਸਾਹਿਬ ਨਾਲ ਰਾਬਤਾ ਕਰਕੇ 4 ਸਾਲ ਤੋਂ ਬੇਲਰ ਮਸ਼ੀਨ ਨਾਲ ਆਪਣੇ ਖੇਤਾ ਵਿੱਚੋਂ ਪਰਾਲੀ ਦੀਆਂ ਗੱਠਾ ਬਣਾ ਕੇ ਬਿਨ੍ਹਾਂ ਅੱਗ ਲਗਾਏ ਸਾਰੇ ਰਕਬੇ ਵਿੱਚ ਕਣਕ ਅਤੇ ਹੋਰਾਂ ਫਸਲਾਂ ਦੀ ਬਿਜਾਈ ਕਰ ਰਿਹਾ ਹੈ।
ਕਿਸਾਨ ਵਰਿੰਦਰ ਸਿੰਘ ਦੱਸਦਾ ਹੈ ਕਿ ਇਸ ਮਗਰੋਂ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ।ਜਿਸ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੋ ਜਾਂਦੀ ਹੈ ਅਤੇ ਧਰਤੀ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬੱਚਦਾ ਹੈ।
ਇਸ ਮੌਕੇ ਡਾ. ਕੇਵਲ ਸਿੰਘ ਖੇਤੀਬਾੜੀ ਅਫਸਰ ਖਡੂਰ ਸਾਹਿਬ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਕਿ ਜਿਹੜੇ ਕਿਸਾਨ ਆਧੁਨਿਕ ਮਸ਼ੀਨਾ ਦੀ ਵਰਤੋਂ ਕਰਕੇ ਵਿਗਿਆਨਕ ਤੇ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਲੱਗੇ ਹਨ। ਇੱਕ ਪਾਸੇ ਜਿੱਥੇ ਉਹ ਕਿਸਾਨ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੰਦੇ ਹਨ, ਦੂਜੇ ਪਾਸੇ ਉਹ ਧਰਤੀ ਦੀ ਸਿਹਤ ਨੂੰ ਵੀ ਪ੍ਰਦੂਸ਼ਿਤ ਹੋਣ ਤੋ ਬਚਾਉਂਦੇ ਹਨ। ਕਿਸਾਨ ਵਰਿੰਦਰ ਸਿੰਘ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ ਜੋ ਕਿ ਇਲਾਕੇ ਦੇ ਕਿਸਾਨ ਲਈ ਇੱਕ ਮਿਸਾਲ ਪੈਦਾ ਕੀਤੀ ਹੈ।
ਕਿਸਾਨ ਵਰਿੰਦਰ ਸਿੰਘ ਦੇ ਦੱਸਣ ਮੁਤਾਬਕ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ ਸੰਭਾਲ ਕਰਨ ਨਾਲ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ।ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀ ਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ।ਇਸ ਲਈ ਇਹ ਕਿਸਾਨ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਕੀਟਨਾਸ਼ਕ ਦਵਾਈਆਂ ਸਲਫ਼ਰ, ਜਿੰਕ ਅਤੇ ਹੋਰ ਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫ਼ੀ ਘੱਟ ਖਰਚਾ ਆਉਂਦਾ ਹੈ।
ਇਹ ਕਿਸਾਨ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।ਇਹ ਕਿਸਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਖਡੂਰ ਸਾਹਿਬ ਦੇ ਸੰਪਰਕ ਵਿੱਚ ਰਹਿੰਦਾ ਹੈ, ਜਿਸ ਨਾਲ ਇਹਨਾ ਨੂੰ ਸਮੇਂ-ਸਮੇਂ ਨਾਲ ਵਿਭਾਗ ਦੀਆਂ ਸਹੂਲਤਾਂ ਮਿਲਦੀਆਂ ਰਹਿੰਦੀਆਂ ਹਨ। ਇਸ ਮੌਕੇ ਖੇਤੀਬਾੜੀ ਅਫਸਰ ਕੇਵਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਰੁਲਦਾ ਸਿੰਘ, ਸਿਮਰਨਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਡਾ. ਮਿਸ ਕਮਲਜੀਤ ਏ. ਟੀ. ਐੱਮ ਆਦਿ ਹਾਜ਼ਰ ਸਨ।