ਜ਼ਿਲ੍ਹੇ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਸਤੰਬਰ ਤੋਂ 27 ਅਕਤੂਬਰ ਤੱਕ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ ਤਰਨ ਤਾਰਨ
ਪ੍ਰਕਾਸ਼ਨ ਦੀ ਮਿਤੀ : 11/09/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਸਤੰਬਰ ਤੋਂ 27 ਅਕਤੂਬਰ ਤੱਕ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ-ਡਿਪਟੀ ਕਮਿਸ਼ਨਰ
ਤਰਨ ਤਾਰਨ, 11 ਸਤੰਬਰ :
ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਸਤੰਬਰ ਤੋਂ 27 ਅਕਤੂਬਰ ਤੱਕ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ, ਸਿਵਲ ਸਰਜਨ ਡਾ. ਅਨੂਪ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ ਬੱਲ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਨਰਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਅਨਿਲ ਕੁਮਾਰ ਚੋਪੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਜਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਸਮਾਗਮਾਂ ਦੇ ਸਬੰਧ ਵਿੱਚ ਇਸ ਸਾਲ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ 11 ਸਤੰਬਰ ਤੋਂ 27 ਅਕਤੂਬਰ ਤੱਕ ਤਿੰਨ ਪੜਾਵਾਂ ਵਿੱਚ ਦੇਸ਼ ਨੂੰ ਪਲਾਸਟਿਕ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਵਿਸ਼ੇਸ ਜਾਗਰੂਕਤਾ ਪ੍ਰਗਰਾਮ ਕਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਕਿਰਤਦਾਨ, ਸਫ਼ਾਈ ਤੇ ਹਰਿਆਲੀ ਮੁਹਿੰਮ, ਸਵੱਛਤਾ ਸਬੰਧੀ ਸਹੁੰ ਚੁਕਾਉਣ ਅਤੇ ਸਵੱਛਤਾ ਰੈਲੀਆਂ ਆਦਿ ਪੋ੍ਰਗਰਾਮਾਂ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ।ਉੁਹਨਾਂ ਦੱਸਿਆ ਕਿ 2 ਅਕਤੂਬਰ ਨੂੰ ਕਿਰਤਦਾਨ ਕਰਨ ਸਬੰਧੀ ਜਨ-ਮੁਹਿੰਮ ਚਲਾਈ ਜਾਵੇਗੀ।ਅਗਲੇ ਪੜਾਅ ਵਿੱਚ 3 ਅਕਤੂਬਰ ਤੋਂ 27 ਅਕਤੂਬਰ ਤੱਕ ਪਲਾਸਟਿਕ ਦੇ ਵੇਸਟ ਨੂੰ ਇਕੱਠੇ ਕਰਕੇ ਰੀਸਾਈਕਲ ਕਰਨ ਲਈ ਮੁਹਿੰਮ ਚਲਾਈ ਜਾਵੇਗੀ, ਜੋ ਕਿ ਪਲਾਸਟਿਕ ਮੁਕਤ ਦਿਵਾਲੀ ਮਨਾਉਣ ਪ੍ਰਤੀ ਅਗਵਾਈ ਕਰੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀ ਨੂੰ ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਅਤੇ ਨਗਰ ਕੌਂਸਲਾਂ ਵਿੱਚ ਰੋਜ਼ਾਨਾ ਇਸ ਮੁਹਿੰੰਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੇ ਨਿਰਦੇਸ਼ ਦਿੱਤੇ।
—————