ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ-ਡਿਪਟੀ ਕਮਿਸ਼ਨਰ
ਬਲੈਕਆਉਟ ਅਭਿਆਸ ਦੌਰਾਨ ਰਾਤ 9:00 ਵਜੇ ਤੋਂ 9:30 ਵਜੇ ਤੱਕ ਬੰਦ ਰਹੀਆਂ ਲਾਈਟਾਂ
ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ-ਡਿਪਟੀ ਕਮਿਸ਼ਨਰ
ਤਰਨ ਤਾਰਨ, 07 ਮਈ:
ਜ਼ਿਲ੍ਹਾ ਤਰਨ ਤਾਰਨ ਵਿੱਚ ਸਿਵਲ ਡਿਫੈਂਸ ਅਭਿਆਸ ਦੇ ਹਿੱਸੇ ਵਜੋਂ ਰਾਤ 9:00 ਵਜੇ ਤੋਂ 09:30 ਵਜੇ ਤੱਕ ਬਲੈਕਆਉਟ ਅਭਿਆਸ ਕੀਤਾ, ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਬਲੈਕ ਆਊਟ ਅਭਿਆਸ ਦੌਰਾਨ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।
ਸ੍ਰੀ ਰਾਹੁਲ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ, ਸਾਰੀਆਂ ਲਾਈਟਾਂ, ਇਨਵਰਟਰ ਅਤੇ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ। ਆਟੋ-ਆਨ ਸੋਲਰ/ਸੀ ਸੀ ਟੀ ਵੀ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ, ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵੀ ਟਾਰਗੇਟ ਬਣਨ ਤੋਂ ਬਚਣ ਲਈ ਬਲੈਕਆਉਟ ਇੱਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਹਵਾਈ ਹਮਲੇ ਦੀ ਸਥਿਤੀ ਵਿੱਚ ਜ਼ਮੀਨੀ ਮੰਜ਼ਿਲਾਂ ਜਾਂ ਭੂਮੀਗਤ ਆਸਰਾ ਸਥਾਨਾਂ ਵਿੱਚ ਜਾਣ ਦੀ ਸਲਾਹ ਵੀ ਦਿੱਤੀ। ਜਿਨ੍ਹਾਂ ਲੋਕਾਂ ਨੂੰ ਤੁਰੰਤ ਕੋਈ ਆਸਰਾ ਨਹੀਂ ਮਿਲਦਾ, ਉਨ੍ਹਾਂ ਨੂੰ ਦਰੱਖਤਾਂ ਹੇਠ ਸਹਾਰਾ ਲੈਣ ਦੀ ਸਲਾਹ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹੀਆਂ ਹੰਗਾਮੀ ਹਾਲਤਾਂ ਨਾਲ ਨਜਿੱਠਣ ਦਾ ਅਭਿਆਸ ਕੀਤਾ ਹੋਵੇਗਾ ਤਾਂ ਸਾਨੂੰ ਇਸ ਦਾ ਸਵੈ ਰੱਖਿਆ ਦੌਰਾਨ ਵੱਡਾ ਲਾਭ ਮਿਲੇਗਾ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਅਤੇ ਭੜਕਾਊ ਸੰਦੇਸ਼ ਫੈਲਾਉਣ ਵਿਰੁੱਧ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਨੂੰ ਗੈਰ-ਪ੍ਰਮਾਣਿਤ ਸੰਦੇਸ਼ਾਂ ਨੂੰ ਅੱਗੇ ਭੇਜਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਦਹਿਸ਼ਤ ਫੈਲਾ ਸਕਦੇ ਹਨ ਅਤੇ ਸਮਾਜਿਕ ਸਦਭਾਵਨਾ ਨੂੰ ਵਿਗਾੜ ਸਕਦੇ ਹਨ।