ਬੰਦ ਕਰੋ

ਆਤਮ ਨਿਰਭਰ ਸਕੀਮ ਤਹਿਤ ਜਿ਼ਲ੍ਹਾ ਤਰਨ ਤਾਰਨ ਵਿਚ ਲੱਗਭੱਗ 17,500 ਪ੍ਰਵਾਸੀ ਮਜਦੂਰਾਂ ਅਤੇ ਲੋੜਵੰਦ ਲੋਕਾਂ ਨੂੰ ਵੰਡਿਆ ਜਾਵੇਗਾ ਮੁਫ਼ਤ ਰਾਸ਼ਨ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 27/05/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਆਤਮ ਨਿਰਭਰ ਸਕੀਮ ਤਹਿਤ ਜਿ਼ਲ੍ਹਾ ਤਰਨ ਤਾਰਨ ਵਿਚ ਲੱਗਭੱਗ 17,500 ਪ੍ਰਵਾਸੀ ਮਜਦੂਰਾਂ ਅਤੇ ਲੋੜਵੰਦ ਲੋਕਾਂ ਨੂੰ ਵੰਡਿਆ ਜਾਵੇਗਾ ਮੁਫ਼ਤ ਰਾਸ਼ਨ-ਡਿਪਟੀ ਕਮਿਸ਼ਨਰ
ਤਰਨ ਤਾਰਨ, 26 ਮਈ :
ਕੋਵਿਡ ਸੰਕਟ ਦੇ ਮੱਦੇਨਜਰ ਆਤਮ ਨਿਰਭਰ ਸਕੀਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਆਉਣ ਵਾਲੇ ਦਿਨਾਂ ਵਿੱਚ ਲੱਗਭੱਗ 17,500 ਪ੍ਰਵਾਸੀ ਮਜਦੂਰਾਂ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਸਕੀਮ ਤਹਿਤ ਵੰਡੇ ਜਾਣ ਵਾਲੇ ਆਟੇ ਦੀ ਪਿਸਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਖੁਦ ਇਸ ਸਾਰੀ ਪ੍ਰਕ੍ਰਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜ਼ੋ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਲੋੜਵੰਦ ਇਸ ਲਾਭ ਤੋਂ ਵਾਂਝਾ ਨਾ ਰਹੇ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿੰਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹਨ ਉਨ੍ਹਾਂ ਪਰਿਵਾਰਾਂ, ਪ੍ਰਵਾਸੀ ਮਜਦੂਰਾਂ ਆਦਿ ਨੂੰ ਇਸ ਸਕੀਮ ਤਹਿਤ ਰਾਸ਼ਨ ਦਿੱਤਾ ਜਾਵੇਗਾ, ਜਿਸ ਵਿਚ 10 ਕਿਲੋ ਆਟਾ, 1 ਕਿਲੋ ਖੰਡ ਅਤੇ 1 ਕਿਲੋ ਦਾਲ ਜਾਂ ਕਾਲੇ ਛੋਲੇ ਦਿੱਤੇ ਜਾਣਗੇ।ਇਹ ਰਾਸ਼ਨ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ।
         ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਭਾਰਤੀ ਖੁਰਾਕ ਨਿਗਮ ਤੋਂ 1749 ਕੁਇੰਟਲ ਕਣਕ ਜਾਰੀ ਹੋ ਚੁੱਕੀ ਹੈ। ਲੱਗਭੱਗ 6000 ਥੈਲੀਆਂ ਦੀ ਪਿਸਾਈ ਦਾ ਕੰਮ ਪੂਰਾ ਹੋ ਚੁੱਕਾ ਹੈ, ਅਗਲੇ ਹਫਤੇ ਇਸ ਦੀ ਵੰਡ ਆਰੰਭ ਕਰ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਲੋੜਵੰਦ ਲੋਕਾਂ ਨੂੰ 32000 ਰਾਸ਼ਨ ਦੀਆਂ ਕਿੱਟਾਂ ਜਿ਼ਲ੍ਹੇ ਵਿਚ ਪਹਿਲਾਂ ਵੀ ਵੰਡੀਆਂ ਗਈਆਂ ਹਨ।ਇਸ ਦਾ ਉਦੇਸ਼ ਸੀ ਕਿ ਜਿ਼ਲ੍ਹੇ ਵਿਚ ਕੋਈ ਵੀ ਨਾਗਰਿਕ ਕੋਵਿਡ-19 ਦੌਰਾਨ ਭੁੱਖਾ ਨਾ ਸੌਂਵੇ।ਇਸ ਤੋਂ ਬਿਨ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ ਤਹਿਤ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਵੀ ਮੁਫ਼ਤ ਕਣਕ ਅਤੇ ਦਾਲ ਦੀ ਵੰਡ ਦਾ ਕੰਮ ਜਿ਼ਲ੍ਹੇ ਵਿਚ ਜਾਰੀ ਹੈ।   
ਉਨਾਂ ਦੱਸਿਆ ਕਿ ਵਿਭਾਗ ਦੇ ਸਮੂਹ ਕਰਮਚਾਰੀਆਂ ਅਤੇ ਰਾਸ਼ਨ ਡਿਪੂ ਹੋਲਡਰਾਂ ਵੱਲੋਂ ਬੜੀ ਤਨਦੇਹੀ ਨਾਲ ਗਰੀਬ ਲੋਕਾਂ ਤੱਕ ਇਹ ਰਾਸ਼ਨ ਘਰ-ਘਰ ਪਹੁੰਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਰਾਸ਼ਨ ਦੀ ਵੰਡ ਦੌਰਾਨ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜਰ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾ ਰਹੀ ਹੈ।ਉਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਦੌਰਾਨ ਗੁਣਵੱਤਾ ਭਰਪੂਰ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
———–