ਬੰਦ ਕਰੋ

ਆਪ ਦੀ ਸਰਕਾਰ, ਆਪ ਦੇੇ ਦੁਆਰ” ਮੁਹਿੰਮ ਤਹਿਤ ਪਿੰਡ ਲੌਹਕਾ ਵਿਖੇ ਲਗਾਇਆ ਗਿਆ ਸੁਵਿਧਾ ਕੈਂਪ

ਪ੍ਰਕਾਸ਼ਨ ਦੀ ਮਿਤੀ : 26/07/2024

ਦਫ਼ਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
“ਆਪ ਦੀ ਸਰਕਾਰ, ਆਪ ਦੇੇ ਦੁਆਰ” ਮੁਹਿੰਮ ਤਹਿਤ ਪਿੰਡ ਲੌਹਕਾ ਵਿਖੇ ਲਗਾਇਆ ਗਿਆ ਸੁਵਿਧਾ ਕੈਂਪ
ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਮੌਕੇ ‘ਤੇ ਪ੍ਰਦਾਨ ਕੀਤੀਆਂ ਗਈਆਂ ਸਰਕਾਰੀ ਸੇਵਾਵਾਂ
25 ਜੁਲਾਈ ਨੂੰ ਪਿੰਡ ਖਾਲੜਾ ਵਿੱਚ ਨਹਿਰੀ ਵਿਭਾਗ ਦੇ ਰੈਸਟ ਹਾਊਸ ਵਿਖੇ ਕੀਤਾ ਜਾਵੇਗਾ ਵਿਸ਼ੇਸ ਸੁਵਿਧਾ ਕੈਂਪ ਦਾ ਆਯੋਜਨ
ਤਰਨ ਤਾਰਨ, 24 ਜੁਲਾਈ :
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ “ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਦੇ ਨਿਰਦੇਸਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਲੌਹਕਾ ਵਿਖੇ ਵਿਸ਼ੇਸ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਅਤੇ ਐੱਸ. ਡੀ. ਐੱਮ. ਪੱਟੀ ਸ੍ਰੀ ਕਿਰਪਾਲਵੀਰ ਸਿੰਘ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਢੁਕਵੇਂ ਹੱਲ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾਏ ਗਏ ਅਤੇ ਸਰਕਾਰੀ ਸੇਵਾਵਾਂ ਮੌਕੇ ‘ਤੇ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਲੋਕਾਂ ਨੂੰ ਬੂਟਿਆਂ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਹਨਾਂ ਵਿਸ਼ੇਸ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਕੈਂਪ ਹਰ ਮੰਗਲਵਾਰ ਤੇ ਵੀਰਵਾਰ ਨੂੰ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ 25 ਜੁਲਾਈ ਨੂੰ ਸਬ-ਡਵੀਜ਼ਨ ਭਿੱਖੀਵਿੰਡ ਦੇ ਪਿੰਡ ਖਾਲੜਾ ਵਿਖੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਵਿਖੇ ਵਿਸ਼ੇਸ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿੰਡ ਖਾਲੜਾ ਤੇ ਆਸੇ=ਪਾਸੇ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਅਤੇ ਲੋੜਵੰਦ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ।
ਉਹਨਾਂ ਦੱਸਿਆ ਕਿ ਕੈਂਪ ਦੌਰਾਨ ਮਾਲ ਵਿਭਾਗ ਨਾਲ ਸਬੰਧਤ ਇੰਤਕਾਲ, ਨਗਰ ਕੌਂਸਲ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਵਿਭਾਗ ਨਾਲ ਸਬੰਧਤ ਆਦਿ ਕੰਮਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਇਸ ਦੇ ਨਾਲ ਹੀ ਸੇਵਾ ਕੇਂਦਰ ਨਾਲ ਸੰਬਧਤ ਰੈਜ਼ੀਡੈਂਸ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਜਨਮ ਸਰਟੀਫਿਕੇਟ, ਜਨਮ ਸਰਟੀਫਿਕੇਟ ਸਬੰਧੀ/ਜਨਮ ਸਰਟੀਫਿਕੇਟ ਵਿੱਚ ਨਾਮ ਦਾਖਲ ਕਰਵਾਉਣ ਸੰਬਧੀ, ਸ਼ਹਿਰੀ ਖੇਤਰ ਨਾਲ ਸੰਬੰਧਿਤ ਜਨਮ ਸਰਟੀਫਿਕੇਟ ਵਿੱਚ ਕੋਈ ਬਦਲਾਅ ਸਬੰਧੀ ਅਤੇ ਪੁਰਾਣੇ ਦਸਤਾਵੇਜ਼ਾਂ ਨੂੰ ਤਸਦੀਕ ਕਰਵਾਉਣ ਸਬੰਧੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਆਪੋ-ਆਪਣੇ ਵਿਭਾਗ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।