ਬੰਦ ਕਰੋ

ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਲਈ ਐਕਸਗ੍ਰੇਸ਼ੀਆ, ਸਰਜਰੀ, ਵਜ਼ੀਫਾ, ਪ੍ਰਸੂਤਾ, ਸ਼ਗਨ ਸਕੀਮ ਸਣੇ ਚਲਾਈਆਂ ਜਾ ਰਹੀਆਂ ਹਨ ਕਈ ਸਕੀਮਾਂ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 09/10/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਲਈ ਐਕਸਗ੍ਰੇਸ਼ੀਆ, ਸਰਜਰੀ, ਵਜ਼ੀਫਾ, ਪ੍ਰਸੂਤਾ, ਸ਼ਗਨ ਸਕੀਮ ਸਣੇ ਚਲਾਈਆਂ ਜਾ ਰਹੀਆਂ ਹਨ ਕਈ ਸਕੀਮਾਂ
ਹਰ ਸਾਲ ਰਜਿਸਟਰਡ ਕਿਰਤੀਆਂ ਨੂੰ ਦਿੱਤਾ ਜਾਂਦਾ ਹੈ ਵੱਖ-ਵੱਖ ਸਕੀਮਾਂ ਦਾ ਲਾਭ
ਉਸਾਰੀ ਕਿਰਤੀ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਰਜਿਸਟ੍ਰੇਸ਼ਨ ਕਰਾਉਣ
ਤਰਨ ਤਾਰਨ, 9 ਅਕਤੂਬਰ :
ਪੰਜਾਬ ਸਰਕਾਰ ਦੇ ਕਿਰਤ ਵਿਭਾਗ ਅਧੀਨ ਉਸਾਰੀ ਕਿਰਤੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਣੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਰਜਿਸਟਰਡ ਉਸਾਰੀ ਕਿਰਤੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ।ਜ਼ਿਲ੍ਹਾ ਤਰਨ ਤਾਰਨ ਵਿੱਚ ਇਸ ਸਮੇਂ 12763 ਰਜਿਸਟਰਡ ਲਾਭਪਾਤਰੀ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਦੇ ਬੋਰਡ ਅਧੀਨ ਰਜਿਸਟਰਡ ਕਿਰਤੀਆਂ ਨੂੰ ਐਕਸਗ੍ਰੇਸ਼ੀਆ ਸਕੀਮ, ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ, ਲੜਕੀਆਂ ਲਈ ਸ਼ਾਦੀ ਦੀ ਸ਼ਗਨ ਸਕੀਮ, ਯਾਤਰਾ ਸਹੂਲਤ, ਉਸਾਰੀ ਕਿਰਤੀਆਂ ਤੇ ਉਨਾਂ ਦੇ ਆਸ਼ਰਿਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਸਕੀਮ, ਦਾਹ ਸੰਸਕਾਰ ਤੇ ਅੰਤਿਮ ਕਿਰਿਆ ਕਰਮ ਦੇ ਖਰਚੇ ਲਈ ਸਕੀਮ, ਬੋਰਡ ਦੇ ਲਾਭਪਾਤਰੀਆਂ ਲਈ ਪੈਨਸ਼ਨ ਸਕੀਮ, ਪ੍ਰਸੂਤਾ ਲਾਭ ਸਕੀਮ, ਔਜ਼ਾਰ ਖਰੀਦਣ ਲਈ ਸਕੀਮ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸੰਭਾਲ ਲਈ ਵਿੱਤੀ ਸਹਾਇਤਾ, ਲੜਕੀਆਂ ਦੇ ਜਨਮ ਸਮੇਂ ਰਾਸ਼ੀ ਜਮਾਂ ਕਰਾਉਣ ਜਿਹੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਸਾਰੀ ਕਿਰਤੀ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ।ਉਨਾਂ ਦੱਸਿਆ ਕਿ ਇਨਾਂ ਸਕੀਮਾਂ ਦਾ ਲਾਭ ਲੈਣ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਲਈ ਜਾਂ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਸੇਵਾ ਕੇਂਦਰ ’ਚ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਸਾਲ 2018-19 ਦੌਰਾਨ 2226 ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਗਿਆ।ਉਹਨਾਂ ਦੱਸਿਆ ਕਿ ਵਜ਼ੀਫਾ ਸਕੀਮਾਂ ਤਹਿਤ 840 ਲਾਭਪਾਤਰੀਆਂ ਨੂੰ 63 ਲੱਖ 88 ਹਜ਼ਾਰ ਰੁਪਏ, ਐਕਸਗ੍ਰੇਸ਼ੀਆ ਸਕੀਮ ਤਹਿਤ 13 ਲਾਭਪਾਤਰੀਆਂ ਨੂੰ 39 ਲੱਖ ਰੁਪਏ, ਦਾਹ ਸੰਸਕਾਰ ਲਈ ਖਰਚੇ ਦੀ ਸਕੀਮ ਤਹਿਤ 4 ਲੱਖ 60 ਹਜ਼ਾਰ ਰੁਪਏ, ਲੜਕੀਆਂ ਦੇ ਜਨਮ ਸਮੇਂ ਰਾਸ਼ੀ ਦੀ ਸਕੀਮ ਤਹਿਤ 3 ਲੱਖ 6 ਹਜ਼ਾਰ ਰੁਪਏ, ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ, ਜਨਰਲ ਸਰਜਰੀ ਲਈ 6053 ਰੁਪਏ, ਪ੍ਰਸੂਤਾ ਸਕੀਮ ਤਹਿਤ 21 ਹਜ਼ਾਰ ਰੁਪਏ, ਮਾਨਸਿਕ ਅਪੰਗਤਾ ਦੀ ਸੂਰਤ ’ਚ 60 ਹਜ਼ਾਰ ਰੁਪਏੇ ਅਤੇ ਦੰਦਾਂ ਦੀ ਸਕੀਮ ਤਹਿਤ 5 ਹਜ਼ਾਰ ਰੁਪਏ ਦੇ ਲਾਭ ਦਿੱਤੇ ਗਏ ਹਨ।