ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਵਿਦਿਆਰਥਣਾਂ ਵਿੱਚੋਂ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ 06 ਫਰਵਰੀ ਨੂੰ ਖੂਨ ਜਾਂਚ ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਵਿਦਿਆਰਥਣਾਂ ਵਿੱਚੋਂ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ 06 ਫਰਵਰੀ ਨੂੰ ਖੂਨ ਜਾਂਚ ਮੁਹਿੰਮ ਦੀ ਕੀਤੀ ਜਾਵੇਗੀ ਸ਼ੁਰੂਆਤ
ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਲਗਭਗ 30 ਹਜ਼ਾਰ ਵਿਦਿਆਰਥਣਾਂ ਦੀ ਵਿਸ਼ੇਸ਼ ਉਪਕਰਨਾਂ ਰਾਹੀਂ ਕੀਤੀ ਜਾਵੇਗੀ ਖੂਨ ਦੀ ਜਾਂਚ – ਡਿਪਟੀ ਕਮਿਸ਼ਨਰ
ਮੁਹਿੰਮ ਤਹਿਤ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਤਰਨ ਤਾਰਨ, 05 ਫਰਵਰੀ:
ਜ਼ਿਲਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਵਿੱਚੋਂ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ 06 ਫਰਵਰੀ ਨੂੰ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੋਂ ਖੂਨ ਜਾਂਚ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ, ਇਨਾ ਗੱਲਾਂ ਦਾ ਪ੍ਰਗਟਾਵਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਆਈ. ਏ. ਐਸ. ਵੱਲੋਂ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੀ ਚੰਗੀ ਅਤੇ ਨਰੋਈ ਸਿਹਤ ਲਈ ਹੀਮੋਗਲੋਬਿਨ ਲੈਵਲ ਜਾਂਚ ਮੁਹਿੰਮ ਦੇ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਲਗਭਗ 30 ਹਜਾਰ ਵਿਦਿਆਰਥਣਾਂ ਦੇ ਖੂਨ ਦੀ ਜਾਂਚ ਵਿਸ਼ੇਸ਼ ਉਪਕਰਨਾਂ ਰਾਹੀਂ ਕੀਤੀ ਜਾਵੇਗੀ, ਅਤੇ ਜਿਹੜੀਆਂ ਵੀ ਵਿਦਿਆਰਥਣਾਂ ਅਨੀਮੀਆ ਦੀ ਸਮੱਸਿਆ ਤੋ ਪ੍ਰਭਾਵਿਤ ਪਾਈਆਂ ਜਾਣਗੀਆਂ, ਉਹਨਾਂ ਦਾ ਇਲਾਜ ਜਲਦ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ, ਸਿੱਖਿਆ ਵਿਭਾਗ, ਬਾਲ ਵਿਕਾਸ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਜਿਲੇ ਦੇ ਵਿੱਚ ਚਲਾਇਆ ਜਾਵੇਗਾ। ਉਹਨਾਂ ਕਿਹਾ ਕਿ ਅਨੀਮਿਆ ਦੀ ਸਮੱਸਿਆ ਕਾਰਨ ਸਰੀਰਕ ਅਤੇ ਮਾਨਸਿਕ ਵਿਕਾਸ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ, ਪਰ ਪੰਜਾਬ ਸਰਕਾਰ ਵੱਲੋਂ ਆਪਣੀ ਇਸ ਵਿਸ਼ੇਸ਼ ਮੁਹਿੰਮ ਰਾਹੀਂ ਸਕੂਲ ਪੜ੍ਹਦੀਆਂ ਲੜਕੀਆਂ ਵਿੱਚੋਂ ਅਨੀਮੀਆ ਦੀ ਸੱਮਸਿਆ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 10 ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨਾਂ ਵੱਲੋਂ ਮੁਹਿੰਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੇਵੀਂ ਤੋਂ 12ਵੀਂ ਜਮਾਤ ਵਿੱਚ ਪੜਨ ਵਾਲੀਆਂ ਵਿਦਿਆਰਥਣਾਂ ਦੇ ਖੂਨ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਟੀਮਾਂ ਵੱਲੋਂ ਵਿਦਿਆਰਥਣਾਂ ਦੇ ਕੱਦ, ਭਾਰ ਅਤੇ ਮਾਸ-ਪੇਸ਼ੀਆਂ ਦਾ ਵੀ ਨਿਰੀਖਣ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨੂੰ ਵਿਸ਼ੇਸ਼ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿਨਾਂ ਰਾਹੀਂ ਵਿਦਿਆਰਥਣਾਂ ਨੂੰ ਬਿਨਾਂ ਸੂਈ ਚੁਭਾਏ ਹੀਮੋਗਲੋਬਿਨ ਲੈਵਲ ਦਾ ਪਤਾ ਲਗਾਇਆ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੀਆਂ ਵੀ ਬੱਚੀਆਂ ਨੂੰ ਅਨੀਮੀਆ ਦੀ ਸਮੱਸਿਆ ਤੋਂ ਪੀੜਤ ਪਾਈਆਂ ਜਾਣਗੀਆਂ, ਉਹਨਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਦੇ ਇਲਾਜ ਨੂੰ ਸ਼ੁਰੂ ਕੀਤਾ ਜਾਵੇਗਾ।