ਬੰਦ ਕਰੋ

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 13 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਕੱਟੇ ਚਲਾਨ

ਪ੍ਰਕਾਸ਼ਨ ਦੀ ਮਿਤੀ : 08/07/2021

ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 13 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਕੱਟੇ ਚਲਾਨ
ਤਰਨ ਤਾਰਨ, 07 ਜੁਲਾਈ :
ਸਿਵਲ ਸਰਜਨ ਤਰਨਤਾਰਨ ਡਾ. ਰੋਹਿਤ ਮਹਿਤਾ ਦੇ ਆਦੇਸ਼ਾਂ ‘ਤੇ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਅਤੇ ਕੋਟਪਾ ਐਕਟ ਦੀ ਪਾਲਣਾ ਕਰਵਾਉਣ ਲਈ ਸਿਹਤ ਵਿਭਾਗ ਤਰਨਤਾਰਨ ਵੱਲੋਂ ਹੈਲਥ ਸੁਪਰਵਾਈਜਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਸ਼ਾਮਲ ਸਨ, ਵੱਲੋਂ ਅੱਜ ਤਰਨਤਾਰਨ ਸ਼ਹਿਰ ਵਿੱਚ ਕਈ ਥਾਵਾਂ ‘ਤੇ ਚੈਕਿੰਗ ਕੀਤੀ ਗਈ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 13 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਚਲਾਨ ਕੱਟੇ ਗਏ। ਇਹਨਾਂ ਵਿੱਚੋਂ ਦੋ ਦੁਕਾਨਦਾਰਾਂ ਪਾਸੋਂ ਬਿਨਾਂ ਚੇਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ ਅਤੇ ਪਾਬੰਦੀਸ਼ੁਦਾ ਖੁਸ਼ਬੂਦਾਰ ਤੰਬਾਕੂ ਐਸ ਫੋਰ ਮਿਲਿਆ ਹੈ।
ਸਿਹਤ ਵਿਭਾਗ ਤਰਨਤਾਰਨ ਦੀ ਅੱਜ ਦੀ ਇਸ ਕਾਰਵਾਈ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਬਿਨਾਂ ਚੇਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ ਅਤੇ ਖੁਸ਼ਬੂਦਾਰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੰਜ ਸਾਲ ਦੀ ਸਜਾ ਅਤੇ ਦਸ ਹਜਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ । ਉਹਨਾ ਅੱਗੇ ਦੱਸਿਆ ਕਿ ਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ, ਕਾਲਜ਼ਾਂ ਆਦਿ ਅੱਗੇ ਤੰਬਾਕੂਨੋਸ਼ੀ ਸਬੰਧੀ ਚਿਤਾਵਨੀ ਬੋਰਡ ਲੱਗਿਆ ਹੋਣਾ ਜਰੂਰੀ ਹੈ, ਨਹੀਂ ਤਾ ਸਬੰਧਿਤ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਵੀ ਚਲਾਨ ਕੱਟਿਆ ਜਾਵੇਗਾ ।
ਉਹਨਾਂ ਦੱਸਿਆ ਕਿ ਕੋਟਪਾ ਐਕਟ ਅਧੀਨ ਧਾਰਾ 4 ਮੁਤਾਬਕ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਹੈ, ਧਾਰਾ 5 ਅਧੀਨ ਤੰਬਾਕੂ ਵਾਲੇ ਪਦਾਰਥਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ, ਧਾਰਾ 6 ਅਧੀਨ ਸਕੂਲਾਂ, ਕਾਲਜ਼ਾਂ ਦੇ 50 ਮੀਟਰ ਦੇ ਦਾਇਰੇ ਵਿੱਚ ਅਤੇ ਨਾਬਾਲਿਗਾਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ ਹੈ, ਧਾਰਾ 7 ਅਧੀਨ ਤੰਬਾਕੂ ਉਤਪਾਦ ਦੇ 85 ਪ੍ਰਤੀਸ਼ਤ ਹਿੱਸੇ ‘ਤੇ ਵਾਰਨਿੰਗ ਹੋਣਾ ਜਰੂਰੀ ਹੈ ਤੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਤਿੰਨ ਸਾਲ ਦੀ ਸਜਾ ਅਤੇ ਦੋ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ।
ਉਹਨਾਂ ਇਹ ਵੀ ਦੱਸਿਆ ਕਿ ਹੁਣ ਹਰ ਰੋਜ਼ ਤਰਨਤਾਰਨ ਸ਼ਹਿਰ ਵਿੱਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਇਆ ਕਰਨਗੇ, ਇਸ ਲਈ ਆਮ ਪਬਲਿਕ ਨੂੰ ਬੇਨਤੀ ਹੈ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੋਂ ਗੁਰੇਜ ਕੀਤਾ ਜਾਵੇ । ਉਹਨਾਂ ਸਭ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਟੀਮ ਨਾਲ ਉਲਝਣ ਜਾਂ ਡਿਊਟੀ ਵਿੱਚ ਵਿਘਨ ਪਾਉਣ ਵਾਲੇ ਲੋਕਾਂ ਖਿਲਾਫ ਕਨੂੰਨ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ ।
ਉਹਨਾਂ ਦੱਸਿਆ ਕਿ ਕੋਟਪਾ ਐਕਟ 2003 ਦੇ ਅਧੀਨ ਸਕੂਲਾਂ, ਕਾਲਜ਼ਾਂ ਦੇ 50 ਮੀਟਰ ਦੇ ਦਾਇਰੇ ਵਿੱਚ ਕੋਈ ਤੰਬਾਕੂ ਪਦਾਰਥ ਨਹੀਂ ਵੇਚਿਆ ਜਾ ਸਕਦਾ, ਕੋਈ ਵੀ ਤੰਬਾਕੂ ਵਾਲਾ ਪਦਾਰਥ ਸਾਹਮਣੇ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ, ਲੂਜ਼ ਤੇ ਇੰਪੋਰਟਿਡ ਸਿਗਰਟਾਂ ਅਤੇ ਐਸ ਫੋਰ ਨਹੀਂ ਵੇਚਿਆ ਜਾ ਸਕਦਾ, ਕੋਈ ਵੀ ਤੰਬਾਕੂ ਵੇਚਣ ਵਾਲਾ ਸਿਗਰਟ ਜਲਾਉਣ ਲਈ ਮਾਚਿਸ ਜਾਂ ਲਾਈਟਰ ਗ੍ਰਾਹਕ ਨੂੰ ਨਹੀਂ ਦੇ ਸਕਦਾ, ਕਿਸੇ ਵੀ ਖਾਧ ਪਦਾਰਥ ਵੇਚਣ ਵਾਲੀ ਦੁਕਾਨ ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਸਰਕਾਰੀ ਹਦਾਇਤਾਂ ਮੁਤਾਬਿਕ ਦੁਕਾਨ ‘ਤੇ ਚੇਤਾਵਨੀ ਬੋਰਡ ਲੱਗਾ ਹੋਣਾ ਜਰੂਰੀ ਹੈ ।
ਇਸ ਟੀਮ ਵਿੱਚ ਜਿਲ੍ਹਾ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਏ ਐਮ ਓ ਕੰਵਲ ਬਲਰਾਜ ਸਿੰਘ, ਐਸ. ਆਈ. ਮਨਜੀਤ ਸਿੰਘ, ਭੁਪਿੰਦਰ ਸਿੰਘ, ਸ਼ੇਰ ਸਿੰਘ, ਅਤੇ ਡਰਾਈਵਰ ਵਿਨੋਦ ਕੁਮਾਰ ਸ਼ਾਮਿਲ ਸਨ ।