ਬੰਦ ਕਰੋ

ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਨਵੇਂ ਹੁਕਮ ਜਾਰੀ

ਪ੍ਰਕਾਸ਼ਨ ਦੀ ਮਿਤੀ : 26/08/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਨਵੇਂ ਹੁਕਮ ਜਾਰੀ
ਕਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਏ ਵਿਅਕਤੀ ਨੂੰ 48 ਘੰਟਿਆਂ ਅੰਦਰ ਸਿਹਤ ਵਿਭਾਗ ਨੂੰ ਦੇਣੀ ਹੋਵੇਗੀ ਜਾਣਕਾਰੀ
ਕੋਰੋਨਾ ਮਰੀਜ਼ ਜਿਹੜਾ ਘਰ ਵਿਚ ਇਕਾਂਤਵਾਸ ਹੈ, ਸਿਵਾਏ ਮੈਡੀਕਲ ਐਮਰਜੈਂਸੀ ਦੇ ਇਕਾਂਤਵਾਸ ਦਾ ਸਮਾਂ ਪੂਰਾ ਹੋਣ ਤੱਕ ਘਰੋਂ ਬਾਹਰ ਨਹੀਂ ਜਾਏਗਾ
ਧਾਰਾ 144 ਅਧੀਨ ਤਹਿਤ ਇਕੱਠਾਂ ਜਾਂ ਕਰਫਿਊ ਸਬੰਧੀ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ
ਤਰਨ ਤਾਰਨ, 25 ਅਗਸਤ :
ਜ਼ਿਲਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਕੋਵਿਡ-19 ਮਹਾਂਮਾਰੀ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਯਕੀਨੀ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਸਾਰੇ ਜ਼ਿਲਾ ਵਾਸੀਆਂ ਲਈ ਇਹ ਲਾਜ਼ਮੀ ਹੈ ਕਿ ਜੇ ਉਹ ਕਿਸੇ ਵੀ ਕੋਰੋਨਾ ਪਾਜ਼ੇਟਿਵ ਮਰੀਜ਼ (ਉਹਦੇ ਇਨਫੈਕਟਿਡ ਸਮੇਂ ਦੌਰਾਨ) ਦੇ ਸੰਪਰਕ ਵਿਚ ਆਏ ਹਨ ਤਾਂ ਉਹ ਫੌਰਨ 104 ਨੰਬਰ ’ਤੇ ਜਾਂ ਆਪਣੇ ਨੇੜਲੇ ਸਰਕਾਰੀ ਹਸਪਤਾਲ/ਲੋਕਲ ਹੈਲਥ ਅਥਾਰਟੀ ਨੂੰ 48 ਘੰਟਿਆਂ ਦੇ ਅੰਦਰ ਜਾਣਕਾਰੀ ਜ਼ਰੂਰ ਦੇਣ।
ਹੁਕਮਾਂ ਅਨੁਸਾਰ ਕੋਈ ਵੀ ਕੋਰੋਨਾ ਮਰੀਜ਼ ਜਿਹੜਾ ਘਰ ਵਿਚ ਇਕਾਂਤਵਾਸ ਹੈ, ਸਿਵਾਏ ਮੈਡੀਕਲ ਐਮਰਜੈਂਸੀ ਦੇ ਇਕਾਂਤਵਾਸ ਦਾ ਸਮਾਂ ਪੂਰਾ ਹੋਣ ਤੱਕ ਘਰੋਂ ਬਾਹਰ ਨਹੀਂ ਜਾਏਗਾ। ਜਿਹੜੇ ਘਰ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਇਕਾਂਤਵਾਸ ਹੈ, ਉਸ ਘਰ ਵਿਚਲੇ ਪਰਿਵਾਰਕ ਮੈਂਬਰ/ਉਸ ਘਰ ਵਿਚ ਰਹਿਣ ਵਾਲੇ ਹੋਰ ਲੋਕ (ਸਮੇਤ ਘਰ ਵਿਚ ਕੰਮ ਕਰਨ ਵਾਲਿਆਂ ਦੇ) ਸਿਹਤ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਗੇ। ਇਸ ਦੇ ਨਾਲ ਨਾਲ ਉਹ ਵੀ ਆਪਣੇ ਆਪ ਨੂੰ 5 ਦਿਨ ਤੱਕ ਇਕਾਂਤਵਾਸ ਰੱਖਣਗੇ ਤੇ ਆਪਣੀ ਸਿਹਤ ਦਾ ਮੁਲਾਂਕਣ ਕਰਨਗੇ। ਜੇ ਉਨਾਂ ਵਿਚ ਕੋਰੋਨਾ ਸਬੰਧੀ ਲੱਛਣ ਆਉਣ ਤਾਂ ਉਹ ਟੈਸਟ ਕਰਵਾਉਣਗੇ ਅਤੇ ਟੈਸਟ ਨੈਗੇਟਿਵ ਆਉਣ ’ਤੇ ਹੀ ਘਰ ਛੱਡਣਗੇ।
ਜਿਹੜੇ ਘਰ ਵਿਚ ਕੋਰੋਨਾ ਪੀੜਤ ਮਰੀਜ਼ ਇਕਾਂਤਵਾਸ ਹੈ, ਉਸ ਘਰ ਵਿਚ ਕੋਈ ਵੀ ਵਿਅਕਤੀ (ਵਿਜ਼ਟਰ/ਮਹਿਮਾਨ) ਬਾਹਰੋਂ ਨਹੀਂ ਆਏਗਾ, ਜੇ ਕੋਈ ਅਜਿਹਾ ਕਰੇਗਾ ਤਾਂ ਉਸ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਧਾਰਾ 144 ਅਧੀਨ ਤਹਿਤ ਇਕੱਠਾਂ ਜਾਂ ਕਰਫਿਊ ਸਬੰਧੀ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੀ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਰੀ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੰਨਟੇਨਮੈਂਟ ਜ਼ੋਨਾਂ ਵਿਚਲੇ ਵਿਕਅਤੀ ਨਾ ਤਾਂ ਜ਼ੋਨ ਤੋਂ ਬਾਹਰ ਜਾਣਗੇ ਤੇ ਨਾ ਹੀ ਬਾਹਰੋਂ ਕੋਈ ਵਿਅਕਤੀ ਕੰਨਟੇਨਮੈਂਟ ਜ਼ੋਨ ਵਿਚ ਦਾਖਲ ਹੋਵੇਗਾ (ਸਿਵਾਏ ਮੈਡੀਕਲ ਐਮਰਜੈਂਸੀ ਏਡ ਜਾਂ ਜ਼ਰੂਰੀ ਵਸਤਾਂ ਦੀ ਸਪਲਾਈ ਦੇ)। ਕੰਨਟੇਨਮੈਂਟ ਜ਼ੋਨ ਵਿਚ 100 ਫੀਸਦੀ ਟੈਸਟਿੰਗ ਲਾਜ਼ਮੀ ਹੈ ਤੇ ਕੋਈ ਵੀ ਵਿਕਅਤੀ ਕੋਰੋਨਾ ਟੈਸਟਿੰਗ ਸਬੰਧੀ ਆਪਣਾ ਸੈਂਪਲ ਦੇਣ ਤੋਂ ਇਨਕਾਰ ਤਾਂ ਇਤਰਾਜ਼ ਨਹੀਂ ਕਰੇਗਾ। ਜੇ ਕਰ ਕੋਈ ਇਕਾਂਤਵਾਸ ਸਬੰਧੀ ਉਲੰਘਣਾ ਕਰਦਾ ਹੈ ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਜਾਂ ਗੁਆਂਢੀ ਕੰਟਰੋਲ ਰੂਮ ਜਾਂ ਏਰੀਏ ਦੇ ਪੀ.ਐਸ ਵਿਖੇ (ਫੋਨ ਨੰਬਰ ਮਕਾਨ ਦੇ ਬਾਹਰ ਲਾਏ ਜਾਂਦੇ ਇਕਾਂਤਵਾਸ ਸਬੰਧੀ ਪੋਸਟਰ ’ਤੇ ਦਰਸਾਏ ਹੁੰਦੇ ਹਨ) ਦੇਣ ਅਤੇ ਉਹ ਪੂਰੀਆਂ ਸਾਵਧਾਨੀਆਂ ਵਰਤਦਿਆਂ ਇਕਾਂਤਵਾਸ ਵਾਲੇ ਮਕਾਨ ਦੇ ਮੁੱਖ ਗੇਟ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾ ਸਕਦੇ ਹਨ। ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੁਕਮਾਂ ਅਨੁਸਾਰ ਕੋਰੋਨਾ ਦੇ ਮੱਦੇਨਜ਼ਰ ਹਸਪਤਾਲਾਂ ਵਿਚਲੇ ਬੈੱਡਾਂ ਦੀ ਲੋੜਵੰਦਾਂ ਲਈ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਦੇ ਮੱਦੇਨਜ਼ਰ ਏਸਿਮਟੋਮੈਟਿਕ/ਮਾਈਲਡੀ ਸਿਮਟੋਮੈਟਿਕ ਕੋਰੋਨਾ ਮਰੀਜ਼ਾਂ ਦੇ ਘਰਾਂ ਵਿਚ ਇਕਾਂਤਵਾਸ ਦੀ ਆਗਿਆ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਦਿੱਤੀ ਗਈ ਹੈ, ਪਰ ਇਹ ਦੇਖਣ ਵਿਚ ਆਇਆ ਹੈ ਕਿ ਇਕਾਂਤਵਾਸ ਸਬੰਧੀ ਹਦਾਇਤਾਂ ਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਹੋ ਰਹੀ ਤੇ ਇਨਾਂ ਦੀ ਉਲੰਘਣਾ ਸਬੰਧੀ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੋਰੋਨਾ ਮਹਾਂਮਾਰੀ ਹੋਰ ਫੈਲ ਸਕਦੀ ਹੈ। ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕਿਸੇ ਵੀ ਪ੍ਰਭਾਵਿਤ ਖੇਤਰ ਵਿਚ ਦਾਖਲੇ ਅਤੇ ਉਸ ਦੇ ਅੰਦਰ ਲਈ ਮੂਵਮੈਂਟ ਅਤੇ ਉਥੋਂ ਬਾਹਰ ਆਉਣ ਸਬੰਧੀ ਰੋਕਾਂ ਲਾਈਆਂ ਜਾ ਸਕਦੀਆਂ ਹਨ ਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਸਬੰਧੀ ਹੋਰ ਕਦਮ ਵੀ ਚੁੱਕੇ ਜਾ ਸਕਦੇ ਹਨ।
—————-