ਬੰਦ ਕਰੋ

ਕੋਵਿਡ-19 ਮਹਾਂਮਾਰੀ ਨੂੰ ਮਾਤ ਪਾਉਣ ਵਿੱਚ ਕੋਵਿਡ ਵੈਕਸੀਨੇਸ਼ਨ ਇੱਕ ਇਤਿਹਾਸਕ ਮੁਹਿੰਮ-ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 22/10/2021

ਕੋਵਿਡ-19 ਮਹਾਂਮਾਰੀ ਨੂੰ ਮਾਤ ਪਾਉਣ ਵਿੱਚ ਕੋਵਿਡ ਵੈਕਸੀਨੇਸ਼ਨ ਇੱਕ ਇਤਿਹਾਸਕ ਮੁਹਿੰਮ-ਸਿਵਲ ਸਰਜਨ
ਕੋਵਿਡ ਵੈਕਸੀਨੇਸ਼ਨ ਦਾ ਅੰਕੜਾ ਦੇਸ਼ ਵਿਚ 100 ਕਰੋੜ 15 ਲੱਖ ਤੱਕ ਪਹੁੰਚਿਆ
ਜਿਲਾ ਤਰਨ ਤਾਰਨ ਵਿਚ ਯੋਗ ਲਾਭਪਾਤਰੀਆਂ ਨੂੰ ਲੱਗੀ 754540 ਡੋਜ਼ ਕੋਵਿਡ ਵੈਕਸੀਨ
ਕੋਵਿਡ-19 ਮਹਾਂਮਾਰੀ ਦੀ ਮਾਰ ਨੂੰ ਪੂਰੇ ਵਿਸ਼ਵ ਨੇ ਝੱਲਿਆ ਹੈ ਅਤੇ ਇਸ ਮਹਾਂਮਾਰੀ ਕਾਰਨ ਪੂਰੇ ਵਿਸ਼ਵ ਵਿਚ ਅਣਗਣਿਤ ਜਾਨਾਂ ਗਈਆਂ ਹਨ। ਅਜਿਹੇ ਵਿਚ ਕੋਵਿਡ ਵੈਕਸੀਨੇਸ਼ਨ ਦਾ ਇਸ ਮਹਾਂਮਾਰੀ ਨੂੰ ਮਾਤ ਦੇਣ ਵਿਚ ਅਹਿਮ ਯੋਗਦਾਨ ਹੈ। ਇਹ ਸ਼ਬਦ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ  ਨੇ ਦੇਸ਼ ਵਿਚ ਕੋਵਿਡ ਵੈਕਸੀਨ ਦਾ ਅੰਕੜਾ 100 ਕਰੋੜ 15 ਲੱਖ ਤੋਂ ਪਾਰ ਹੋਣ ‘ਤੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਕਹੇ।
ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਮੁਹਿੰਮ ਨੂੰ ਪੰਜਾਬ ਵਿਚ ਅਸਰਦਾਰ ਢੰਗ ਨਾਲ ਲਾਗੂ ਕਰਨਾ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।  ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਮੁਹਿੰਮ ਇੱਕ ਇਤਿਹਾਸਕ ਮੁਹਿੰਮ ਹੈ ਤੇ ਸ਼ਰੀਰ ਵਿਚ ਕੋਵਿਡ ਵਾਇਰਸ ਦੇ ਖਿਲਾਫ ਐਂਟੀਬਾਡੀਜ ਬਣਾਉਣ ਵਿਚ ਇਹ ਵੈਕਸੀਨ ਬਹੁਤ ਕਾਰਗਰ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਵੀ ਤੁਰੰਤ ਕੋਵਿਡ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਅਜੇ ਤੱਕ ਟੀਕਾਕਰਨ ਨਹੀਂ ਕਰਵਾਇਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਦੇ ਗੰਭੀਰ ਸੰਕ੍ਰਮਣ ਤੋਂ ਬਚਾਉਣ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘੱਟ ਕਰਨ ਵਿਚ ਵੀ ਇਹ ਵੈਕਸੀਨ ਮੱਦਦਗਾਰ ਹੈ। ਸਿਵਲ ਸਰਜਨ ਡਾ.ਰੋਹਿਤ ਮਹਿਤਾ  ਨੇ ਇਸ ਇਤਿਹਾਸਕ ਵੈਕਸੀਨੇਸ਼ਨ ਮੁਹਿੰਮ ਨੂੰ ਸਫਲ ਕਰਨ ਲਈ ਸਮੁੱਚੇ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਨੂੰ ਵਧਾਈ ਦਿੱਤੀ ਹੈ ।
ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ  ਨੇ ਦੱਸਿਆ ਕਿ ਹੁਣ ਤੱਕ ਜਿਲਾ ਤਰਨ ਤਾਰਨ  ਵਿੱਚ 7 ਲੱਖ 54 ਹਜ਼ਾਰ 540 ਡੋਜ਼ ਕੋਵਿਡ ਵੈਕਸੀਨ ਲੱਗ ਚੁੱਕੀ ਹੈ । ਡਾ.ਵਰਿੰਦਰਪਾਲ ਕੌਰ ਨੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਨੂੰ ਸਫਲ ਕਰਨ ਵਿਚ ਸਹਿਯੋਗ ਦੇਣ ਲਈ ਜਿਲੇ ਦੀਆਂ ਧਾਰਮਿਕ ਅਤੇ ਸਾਮਾਜਿਕ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਨਿਯਮਾਂ ਦਾ ਪਾਲਣ ਕਰਨ ਨੂੰ ਵੀ ਕਿਹਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ, ਜਿਲ੍ਹਾ ਮਾਸ ਮੀਡੀਆ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਸਟਾਫ਼ ਮੋਜੂਦ ਸਨ ।