ਬੰਦ ਕਰੋ

ਖੁਰਾਕ ਸੁਰੱਖਿਆ ਵਿੰਗ ਵੱਲੋਂ ਕਸਬਾ ਫਤਿਆਬਾਦ ਵਿਖੇ ਰੇਹੜੀਆਂ ਦੀ ਕੀਤੀ ਜਾਂਚ

ਪ੍ਰਕਾਸ਼ਨ ਦੀ ਮਿਤੀ : 11/04/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਖੁਰਾਕ ਸੁਰੱਖਿਆ ਵਿੰਗ ਵੱਲੋਂ ਕਸਬਾ ਫਤਿਆਬਾਦ ਵਿਖੇ ਰੇਹੜੀਆਂ ਦੀ ਕੀਤੀ ਜਾਂਚ

ਸੈਂਪਲ ਭਰੇ ਅਤੇ ਅਗਲੇਰੀ ਜਾਂਚ ਲਈ ਭੇਜੇ ਖਰੜ ਲਾਬੋਰਟਰੀ

ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਵੇਗਾ ਸਵੀਕਾਰ -ਜ਼ਿਲਾ ਸਿਹਤ ਅਫਸਰ

ਤਰਨ ਤਾਰਨ, 03 ਅਪ੍ਰੈਲ :

ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਖੁਰਾਕ ਸੁਰੱਖਿਆ ਵਿੰਗ ਦੀ ਟੀਮ ਵੱਲੋਂ ਕਸਬਾ ਫਤਿਆਬਾਦ ਵਿਖ਼ੇ  ਵੀਰਵਾਰ ਨੂੰ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਰੇਹੜੀਆਂ ਅਤੇ ਦੁਕਾਨਾਂ ਦੀ ਜਾਂਚ ਕੀਤੀ। ਵਿਭਾਗ ਦੀ ਟੀਮ ਵੱਲੋਂ ਕੁਝ ਰੇਹੜੀਆਂ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲਾਂ ਨੂੰ  ਭਰ ਕੇ ਅਗਲੇਰੀ ਜਾਂਚ ਲਈ ਵਿਭਾਗ ਦੀ ਖਰੜ ਲੈਬੋਰਟਰੀ ਵਿਖੇ ਭੇਜੇ। ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਕੋਲ ਰੇਹੜੀਆਂ ‘ਤੇ ਘਟੀਆ ਪੱਧਰ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵੇਚੇ ਜਾਣ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਦੇ ਚਲਦਿਆਂ ਵਿੰਗ ਵੱਲੋਂ ਰੇਹੜੀਆਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਜਾਂਚ ਤੋਂ ਉਪਰੰਤ ਵਿਭਾਗ ਦੀ ਟੀਮ ਵੱਲੋਂ ਇੱਕ ਰੇਹੜੀ ਵਾਲੇ ਨੂੰ ਸੁਧਾਰ ਨੋਟਿਸ ਜਾਰੀ ਕੀਤਾ ਗਿਆ ਅਤੇ ਉਸ ਨੂੰ ਹਦਾਇਤ ਕੀਤੀ ਗਈ ਕਿ ਖੁਰਾਕ ਸੁਰੱਖਿਆ ਦੇ ਸਾਰੇ  ਮਾਪਢੰਡਾ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਵੇ।

ਜ਼ਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਰੇਹੜੀਆਂ ਵਾਲਿਆਂ ਨੂੰ ਆਪਣੀ ਅਤੇ ਆਪਣੇ ਨਾਲ ਕੰਮ ਕਰ ਰਹੇ ਵਿਅਕਤੀਆਂ ਦੀ ਸਿਹਤ ਜਾਂਚ ਕਰਵਾਉਣ ਦੀ ਵੀ ਹਦਾਇਤ ਜਾਰੀ ਕੀਤੀ ਗਈ। ਉਹਨਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਸਮਾਨ ਵੇਚਣ ਦੌਰਾਨ ਸੁਰੱਖਿਆ ਦੇ ਸਾਰੇ ਹੀ ਮਾਪਢੰਡਾ ਜਿਵੇਂ ਕਿ ਸਿਰ ਨੂੰ ਢੱਕ ਕੇ ਰੱਖਣਾ, ਹੱਥਾਂ ਤੇ ਦਸਤਾਨੇ ਪਾਉਣਾ, ਖਾਣ ਪੀਣ ਦੀਆਂ ਵਸਤੂਆਂ ਵੇਚਣ ਸਮੇਂ ਨਸ਼ੀਲੇ ਪਦਾਰਥ ਦੀ ਵਰਤੋਂ ਨਾ ਕਰਨ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਖਾਣ ਪੀਣ ਦੇ ਸਮਾਨ ਨੂੰ ਵੇਚਣ ਦੌਰਾਨ ਵਰਤੇ ਜਾਣ ਵਾਲੇ ਭਾਂਡਿਆ ਜਿਵੇਂ ਕਿ ਪਲੇਟਾਂ, ਗਿਲਾਸ ਅਤੇ ਚਮਚ ਨੂੰ  ਸਾਫ-ਸੁਥਰੇ ਪਾਣੀ ਨਾਲ ਧੋਣ ਅਤੇ ਬਰਤਨਾਂ  ਨੂੰ ਧੋਣ ਵਾਲਾ ਸਥਾਨ ਜਮੀਨੀ ਪੱਧਰ ਤੋਂ ਉੱਚਾ ਹੋਣਾ ਚਾਹੀਦਾ ਹੈ।

          ਉਹਨਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਜਿਲਾ ਸਿਹਤ ਅਫਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋਂ ਭਵਿੱਖ ਦੇ ਵਿੱਚ ਜ਼ਿਲ੍ਹੇ ਦੇ ਹੋਰਨਾਂ ਕਸਬਿਆਂ ਵਿੱਚ ਵੀ ਜਾਂਚ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਫੂਡ ਸੇਫਟੀ ਅਫਸਰ ਸ਼੍ਰੀਮਤੀ ਸਾਕਸ਼ੀ ਖੋਸਲਾ ਵੀ ਮੌਜੂਦ ਰਹੇ।