ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਗੰਡੀਵਿੰਡ ਵੱਲੋ ਪਿੰਡ ਐਮਾ ਕਲਾ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਗੰਡੀਵਿੰਡ ਵੱਲੋ ਪਿੰਡ ਐਮਾ ਕਲਾ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ
ਤਰਨ ਤਾਰਨ, 20 ਅਗਸਤ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ ਏ ਐਸ ਦੀ ਰਹਿਨੁਮਾਈ ਹੇਠ ਡਾ. ਜਸਵਿੰਦਰ ਸਿੰਘ ਜਿਲਾ ਸਿਖਲਾਈ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਐਮਾ ਕਲਾ ਬਲਾਕ ਗੰਡੀਵਿੰਡ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਗੁਰਮੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਤੇ ਇਸ ਦੇ ਨਾਲ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ । ਇਸ ਦੇ ਜਹਿਰੀਲੇ ਧੂੰਏ ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਤੇ ਵਾਤਾਵਰਨ ਪਲੀਤ ਹੁੰਦਾ ਹੈ । ਇੱਕ ਟਨ ਪਰਾਲੀ ਨੂੰ ਅੱਗ ਲਗਾਉਣ ਨਾਲ 400 ਕਿਲੋ ਜੈਵਿਕ ਕਾਰਬਨ 5.5 ਕਿਲੋ ਨਾਈਟਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਸਲਫਰ ਦਾ ਨੁਕਸਾਨ ਹੁੰਦਾ ਹੈ ।
ਇਸ ਮੌਕੇ ਡਾ. ਗੁਰਿੰਦਰਜੀਤ ਸਿੰਘ ਨੇ ਝੋਨੇ ਅਤੇ ਬਾਸਮਤੀ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਇਸ ਦੇ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਮੀਨ ਵਿੱਚ ਵਾਹੁਣ ਲਈ ਕਿਹਾ। ਇਸ ਮੌਕੇ ਸਤਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਇਸ ਕੈਂਪ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਸੰਜਮ ਨਾਲ ਕਰਨ ਨੂੰ ਕਿਹਾ ਅਤੇ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਅਵਤਾਰ ਸਿੰਘ ਫ਼ੀਲਡ ਵਰਕਰ ਨੇ ਇਸ ਕੈਂਪ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ।
ਇਸ ਮੌਕੇ ਗੁਰਸੇਵਕ ਸਿੰਘ ਮਨਜਿੰਦਰ ਸਿੰਘ ਸਰਪੰਚ ,ਹਰਪਾਲ ਸਿੰਘ ਸਰਪੰਚ ਐਮਾ ਖੁਰਦ , ਗੁਰਮੁੱਖ ਸਿੰਘ ਲੰਬੜਦਾਰ ਸੁਖਦੇਵ ਸਿੰਘ ਖ਼ਾਲਸਾ ਪਾਰਸਦੀਪ ਸਿੰਘ ਰੇਸ਼ਮ ਸਿੰਘ ਸਵਿੰਦਰ ਸਿੰਘ ਭਗਵੰਤ ਸਿੰਘ ਗਰਸਾਹਬ ਸਿੰਘ ਗੁਰਮੀਤ ਸਿੰਘ ਆਦਿ ਅਗਾਂਹਵਧੂ ਕਿਸਾਨ ਹਾਜ਼ਰ ਸਨ।