ਖੇਤੀ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਲਈ ਕੇ ਵੀ ਕੇ ਬੂਹ ਵਿਖੇ ਕੋਰਸਾਂ ਦਾ ਪ੍ਰਬੰਧ :ਡਾ ਪ੍ਰਭਜੀਤ ਸਿੰਘ ਡਿਪਟੀ ਡਾਇਰੈਕਟਰ
ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਪਿੰਡ ਭਾਉਵਾਲ ਵਿਖੇ ਕੈਂਪ ਲਗਾਇਆ
ਕਿਸੇ ਵੀ ਕਿੱਤੇ ਦੀ ਕਾਮਯਾਬੀ ਲਈ ਸਿੱਖਿਅਤ ਹੋਣਾ ਜਰੂਰੀ :ਡਾ ਭੁਪਿੰਦਰ ਸਿੰਘ ਏ ਓ
ਖੇਤੀ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਲਈ ਕੇ ਵੀ ਕੇ ਬੂਹ ਵਿਖੇ ਕੋਰਸਾਂ ਦਾ ਪ੍ਰਬੰਧ :ਡਾ ਪ੍ਰਭਜੀਤ ਸਿੰਘ ਡਿਪਟੀ ਡਾਇਰੈਕਟਰ
ਤਰਨ ਤਰਨ, 12 ਜੂਨ
ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ ਏ ਐਸ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਜਿਲੇ ਭਰ ਵਿੱਚ 29 ਮਈ ਤੋਂ 12 ਜੂਨ ਤੱਕ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਵੱਖ ਵੱਖ ਪਿੰਡਾਂ ਵਿੱਚ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਕੈਂਪਾਂ ਦੀ ਲੜੀ ਤਹਿਤ ਪਿੰਡ ਭਾਉਵਾਲ ਵਿਖੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ , ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਦੇ ਸਾਇੰਸਦਾਨ ਡਾ ਪ੍ਰਭਜੀਤ ਸਿੰਘ, ਡਾ ਨਵਜੋਤ ਸਿੰਘ ਬਰਾੜ, ਡਾ ਪ੍ਰਭਜਿੰਦਰ ਸਿੰਘ ਮਾਨ ਅਤੇ ਮਨਮੋਹਨ ਸਿੰਘ ਏ ਈ ਓ ਨੇ ਜਾਗਰੂਕਤਾ ਕੈਂਪ ਲਗਾਇਆ।
ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਕੈਂਪਾਂ ਦਾ ਉਦੇਸ਼ ਪਿੰਡ ਪੱਧਰ ਤੇ ਜਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਕਿਸਾਨ ਹਿੱਤ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਵਿਗਿਆਨੀਆਂ ਦੁਆਰਾ ਈਜ਼ਾਦ ਕੁਦਰਤ ਪੱਖੀ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ ਸੁਵੰਨਤਾ ਤੇ ਖੇਤੀ ਨਿਰਭਰ ਹੈ। ਇਸ ਲਈ ਇਸ ਦੀ ਹਿਫਾਜ਼ਤ ਲਈ ਖੇਤੀ ਵਿਗਿਆਨੀਆਂ ਵੱਲੋਂ ਸੁਝਾਈਆਂ ਕੁਦਰਤ ਪੱਖੀ ਤਕਨੀਕਾਂ ਨੂੰ ਅਪਣਾ ਕੇ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਕਿਸੇ ਵੀ ਕਿੱਤੇ ਦੀ ਕਾਮਯਾਬੀ ਲਈ ਸਿੱਖਿਅਤ ਹੋਣਾ ਜਰੂਰੀ ਹੈ। ਇਸ ਲਈ ਖੇਤੀ ਹੋਵੇ, ਜਾਂ ਖੇਤੀ ਸਹਾਇਕ ਧੰਦੇ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ, ਪਸ਼ੂ ਪਾਲਣ , ਸ਼ਹਿਦ ਮੱਖੀ ਪਾਲਣ ਆਦਿ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਮੇਂ ਸਮੇਂ ਤੇ ਟ੍ਰੇਨਿੰਗ ਕੋਰਸ ਲਗਾਏ ਜਾਂਦੇ ਹਨ।
ਇਸ ਮੌਕੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਾਣੀ ਪਰਖ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਿੰਨ੍ਹਾਂ ਖੇਤਾਂ ਵਿੱਚ ਮਿੱਟੀ ਜਾਂ ਪਾਣੀ ਸਬੰਧੀ ਸਮੱਸਿਆ ਹੈ, ਉਹ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਤੇ ਜਿਪਸਮ ਲੈ ਸਕਦੇ ਹਨ। ਜਿਹੜੇ ਕਿਸਾਨ ਝੋਨੇ ਹੇਠੋਂ ਰਕਬਾ ਘਟਾ ਕੇ ਸਾਉਣੀ ਦੀ ਮੱਕੀ ਹੇਠ ਲਿਆਉਣਗੇ, ਉਹਨਾਂ ਨੂੰ ਸਰਕਾਰ ਦੁਆਰਾ 4000 ਰੁਪਏ ਪ੍ਰਤੀ ਏਕੜ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ । ਇਸ ਮੌਕੇ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਈ ਕੇ ਵਾਈ ਸੀ ਸਬੰਧੀ ਮੁਸ਼ਕਲਾਂ ਨੂੰ ਹੱਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮਾਹਿਰਾ ਨੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਵਾਤਾਵਰਨ ਵਿੱਚ ਵੱਧ ਰਹੇ ਤਾਪਮਾਨ ਨੂੰ ਨਿਯੰਤਰਿਤ ਕਰਨ ਲਈ ਅਪੀਲ ਕੀਤੀ, ਕਿ ਜਿੱਥੋਂ ਤੱਕ ਸੰਭਵ ਹੋਵੇ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ , ਛੱਪੜ, ਤਲਾਬਾਂ ਦੀ ਸਾਂਭ ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ।
ਇਸ ਮੌਕੇ ਕਰਮ ਸਿੰਘ ਬਾਬਾ , ਸੰਤੋਖ ਸਿੰਘ, ਜਸਵੰਤ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਚਾਨਣ ਸਿੰਘ ,ਹਰਪਾਲ ਸਿੰਘ ,ਬਲਬੀਰ ਸਿੰਘ ,ਦਰਸ਼ਨ ਸਿੰਘ, ਰਣਜੀਤ ਸਿੰਘ, ਬਲਰਾਜ ਸਿੰਘ ਖੇਤੀ ਨਿਰੀਖਕ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।