ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਆਯੋਜਿਤ ਕੀਤੇ ਗਏ ਦੋ ਦਿਨਾਂ ਲੋਨ ਮੇਲੇ ਦੌਰਾਨ ਸਵੈ-ਰੋਜ਼ਗਾਰ ਦੇ ਚਾਹਵਾਨ 265 ਉਮੀਦਵਾਰਾਂ ਨੇ ਲਿਆ ਭਾਗ
ਪ੍ਰਕਾਸ਼ਨ ਦੀ ਮਿਤੀ : 12/12/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਆਯੋਜਿਤ ਕੀਤੇ ਗਏ ਦੋ ਦਿਨਾਂ ਲੋਨ ਮੇਲੇ ਦੌਰਾਨ ਸਵੈ-ਰੋਜ਼ਗਾਰ ਦੇ ਚਾਹਵਾਨ 265 ਉਮੀਦਵਾਰਾਂ ਨੇ ਲਿਆ ਭਾਗ
ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਵੀਰ ਅਗਨੀਹੋਤਰੀ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਕੀਤੀ ਸ਼ਿਰਕਤ
15 ਅਤੇ 16 ਦਸੰਬਰ ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਵੀ ਲਗਾਇਆ ਜਾਵੇਗਾ ਲੋਨ ਮੇਲਾ
ਤਰਨ ਤਾਰਨ, 11 ਦਸੰਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 10 ਅਤੇ 11 ਦਸੰਬਰ, 2020 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਤਰਨ ਤਾਰਨ ਵਿਖੇ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਰਹਿਨੁਮਾਈ ਹੇਠ ਦੋ ਦਿਨਾਂ ਲੋਨ ਮੇਲੇ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਡਾ. ਧਰਮਵੀਰ ਅਗਨੀਹੋਤਰੀ ਹਲਕਾ ਵਿਧਾਇਕ ਤਰਨ ਤਾਰਨ ਵਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਗਈ।
ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਸੰਜੀਵ ਕੁਮਾਰ ਜਿਲ੍ਹਾ ਰੋਜਗਾਰ ਅਫਸਰ, ਸ਼੍ਰੀ ਜਸਵੀਰ ਸਿੰਘ ਬੀ.ਡੀ.ਪੀ.ੳ. ਤਰਨ ਤਾਰਨ, ਸ਼੍ਰੀਮਤੀ ਸ਼ੁਕਲਾ ਸ਼ਰਮਾ ਬੀ.ਡੀ.ਪੀ.ਓ. ਗੰਡੀਵਿੰਡ, ਸ਼੍ਰੀ ਪ੍ਰੀਤਮ ਸਿੰਘ ਲੀਡ ਜ਼ਿਲਾ੍ਹ ਮੈਨੇਜਰ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।
ਇਸ ਮੌਕੇ ਡਾ. ਧਰਮਵੀਰ ਅਗਨੀਹੋਤਰੀ ਵਲੋਂ ਭਾਗ ਲੈਣ ਵਾਲੇ ਉਮੀਦਵਾਰਾਂ ਅਤੇ ਵੱਖ-ਵੱਖ ਵਿਭਾਗਾਂ ਅਤੇ ਬੈਕਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਵੀ ਕੀਤੀ ਗਈ। ਉਨ੍ਹਾਂ ਵਲੋਂ ਵਿਭਾਗਾਂ ਅਤੇ ਬੈਂਕਾਂ ਦੇ ਅਧਿਕਾਰੀਆਂ ਨੂੰ ਕਰਜ਼ੇ ਦੇ ਕੇਸਾਂ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਉਣ ਦੀ ਵੀ ਹਦਾਇਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਦੋ ਦਿਨਾਂ ਲੋਨ ਮੇਲੇ ਦੌਰਾਨ 265 ਸਵੈ-ਰੋਜ਼ਗਾਰ ਦੇ ਚਾਹਵਾਨ ਉਮੀਦਵਾਰਾਂ ਵਲੋਂ ਭਾਗ ਲਿਆ ਗਿਆ ਅਤੇ 262 ਉਮੀਦਵਾਰਾਂ ਦੇ ਅਰਜ਼ੀ ਫਾਰਮ ਵਿਭਾਗਾਂ ਅਤੇ ਬੈਂਕਾਂ ਵਲੋਂ ਪ੍ਰਾਪਤ ਕੀਤੇ ਗਏ। ਲੋਨ ਮੇਲੇ ਵਿੱਚ ਡੇਅਰੀ ਵਿਕਾਸ, ਅਨੁਸੂਚਿਤ ਜਾਤੀ ਕਾਰਪੋਰੇਸ਼ਨ, ਬੈਂਕਫਿੰਕੋ, ਜ਼ਿਲ੍ਹਾ ਉਦਯੋਗ ਕੇਂਦਰ, ਪੀ. ਐੱਨ. ਬੀ., ਐਸ. ਬੀ. ਆਈ., ਪੀ. ਐੱਸ. ਬੀ. ਆਦਿ ਬੈਂਕਾਂ ਵਲੋਂ ਭਾਗ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਮਿਤੀ 15 ਅਤੇ 16 ਦਸੰਬਰ ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਵੀ ਲੋਨ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਵੱਲੋਂ ਉਮੀਦਵਾਰਾਂ ਨੂੰ ਲੋਨ ਮੇਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਗਈ। ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਅਤੇ ਉਨ੍ਹਾਂ ਦੇ ਸਟਾਫ ਵਲੋਂ ਲੋਨ ਮੇਲੇ ਦੇ ਆਯੋਜਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
————–