ਬੰਦ ਕਰੋ

ਝੋਨੇ ਦੀ ਲਵਾਈ ਮਸ਼ੀਨ ਨਾਲ ਲੇਬਰ ਅਤੇ ਸਮੇਂ ਦੀ ਬੱਚਤ : ਡਾ ਭੁਪਿੰਦਰ ਸਿੰਘ ਏ ਓ

ਪ੍ਰਕਾਸ਼ਨ ਦੀ ਮਿਤੀ : 16/06/2025

ਝੋਨੇ ਦੀ ਲਵਾਈ ਮਸ਼ੀਨ ਨਾਲ ਲੇਬਰ ਅਤੇ ਸਮੇਂ ਦੀ ਬੱਚਤ : ਡਾ ਭੁਪਿੰਦਰ ਸਿੰਘ ਏ ਓ

ਮਸ਼ੀਨ ਪ੍ਰਤੀ ਦਿਨ 8 ਤੋਂ 10 ਏਕੜ ਝੋਨਾ ਲਗਾ ਦਿੰਦੀ: ਉੱਦਮੀ ਕਿਸਾਨ

ਮਸ਼ੀਨ ਤੇ ਸਮੈਮ ਸਕੀਮ ਤਹਿਤ ਸਬਸਿਡੀ

ਤਰਨ ਤਾਰਨ, 16 ਜੂਨ

ਝੋਨੇ ਹੇਠ ਰਕਬਾ ਵੱਧਣ ਅਤੇ ਖੇਤੀ ਸੈਕਟਰ ਵਿੱਚ ਦਿਨ ਬ ਦਿਨ ਮਹਿਸੂਸ ਕੀਤੀ ਜਾ ਰਹੀ ਮਜ਼ਦੂਰਾਂ ਦੀ ਘਾਟ ਕਾਰਨ ਕਈ ਵਾਰ ਕੁੱਝ ਕਿਸਾਨ ਸਿਫਾਰਿਸ਼ ਸਮੇਂ ਤੋਂ ਪਹਿਲਾਂ ਹੀ ਝੋਨਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਲੇਬਰ ਨੂੰ ਹੱਥਾਂ ਵਿੱਚ ਕੀਤਾ ਜਾ ਸਕੇ। ਇਸ ਤਰ੍ਹਾਂ ਅਗੇਤਾ ਝੋਨਾ ਲਾਉਣ ਨਾਲ ਜਿੱਥੇ ਪਾਣੀ ਦਾ ਵੱਡਾ ਨੁਕਸਾਨ ਹੁੰਦਾ ਹੈ, ਉੱਥੇ ਫਸਲ ਦਾ ਝਾੜ ਵੀ ਘੱਟ ਜਾਂਦਾ ਹੈ। ਨਾਲ ਹੀ ਨਾਲ ਅਗੇਤੇ ਝੋਨੇ ਵਿੱਚ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵੀ ਵੱਧ ਵੇਖਣ ਵਿੱਚ ਮਿਲਦੀ ਹੈ।

ਜਿਸ ਦਾ ਵਾਧੂ ਆਰਥਿਕ ਬੋਝ ਕਿਸਾਨਾਂ ਦੀ ਜੇਬ ਤੇ ਪੈਂਦਾ ਹੈ। ਇਸ ਦੇ ਉਲਟ ਜੇਕਰ ਝੋਨੇ ਦੀ ਲਵਾਈ ਲੇਟ ਹੋ ਜਾਵੇ, ਤਾਂ ਇਸ ਵਿੱਚ ਨਮੀਂ ਦੀ ਮਾਤਰਾ ਵੱਧਣ ਅਤੇ ਕਣਕ ਦੀ ਬਿਜਾਈ ਲੇਟ ਹੋਣ ਦੀ ਚਿੰਤਾ ਸਤਾਉਂਦੀ ਹੈ। ਭਵਿੱਖ ਵਿੱਚ ਅਜਿਹੀ ਸਮੱਸਿਆ ਦੇ ਹੱਲ ਲਈ ਜਿੱਥੇ ਸਾਇੰਸਦਾਨ ਝੋਨੇ ਦੀ ਲਵਾਈ ਮਸ਼ੀਨਾਂ ਨਾਲ ਕਰਨ ਲਈ ਉਪਰਾਲੇ ਕਰ ਰਹੇ ਹਨ, ਉੱਥੇ ਇਨ੍ਹਾਂ ਮਸ਼ੀਨਾਂ ਤੇ ਸਮੈਮ ਸਕੀਮ ਤਹਿਤ ਪੰਜਾਬ ਸਰਕਾਰ 40 ਤੋਂ 50 ਪ੍ਰਤੀਸ਼ਤ ਸਬਸਿਡੀ  ਦੇ ਰਹੀ ਹੈ। ਇਹਨਾਂ ਸ਼ਬਦਾਂ ਦਾ  ਪ੍ਰਗਟਾਵਾ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ, ਮਨਮੋਹਨ ਸਿੰਘ ਏ ਈ ਓ ਅਤੇ ਗੁਰਪ੍ਰੀਤ ਸਿੰਘ ਬੀ ਟੀ ਐਮ ਨੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਪਿੰਡ ਕੋਟ ਬੁੱਢਾ ਵਿਖੇ ਮਸ਼ੀਨ ਦੁਆਰਾ ਝੋਨੇ ਦੀ ਲਵਾਈ ਦਾ ਨਿਰੀਖਣ ਕਰਨ ਮੌਕੇ ਕੀਤਾ।

        ਪਹਿਲੀ ਵਾਰ ਪਿੰਡ ਬੰਗਲਾ ਰਾਏ ਅਤੇ ਕੋਟ ਬੁੱਢਾ ਵਿਖੇ ਲੱਗਭਗ 240 ਏਕੜ ਵਿੱਚ ਮਸ਼ੀਨ ਨਾਲ ਝੋਨੇ, ਬਾਸਮਤੀ ਦੀ ਲਵਾਈ ਕਰ ਰਹੇ, ਪਿੰਡ ਬੰਗਲਾ ਰਾਏ ਦੇ ਅੰਗਰੇਜ਼ ਸਿੰਘ ਹੈਪੀ ਅਤੇ ਗੁਰਤੇਜ ਸਿੰਘ  ਦਾ ਮੰਨਣਾ ਹੈ, ਕਿ ਝੋਨੇ ਦੀ ਮਸ਼ੀਨੀ ਲਵਾਈ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ, ਪਰ ਇਸ ਦੀ ਸਫਲਤਾ ਲਈ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜਿਸ ਖੇਤ ਵਿੱਚ ਪਨੀਰੀ ਤਿਆਰ ਕਰਨੀ ਹੈ, ਉਸ ਖੇਤ ਦੀ ਮਿੱਟੀ ਰੋਟਾਵੇਟਰ ਫੇਰ ਕੇ ਬਰੀਕ ਕੀਤੀ ਜਾਂਦੀ ਹੈ।

ਪਨੀਰੀ ਵਾਲਾ ਅਤੇ ਜਿਸ ਖੇਤ ਵਿੱਚ ਮਸ਼ੀਨ ਨਾਲ ਲਵਾਈ ਕਰਨੀ ਹੈ, ਉਸ ਖੇਤ ਨੂੰ ਲੇਜ਼ਰ ਲੈਵਲਰ ਨਾਲ ਇੱਕਸਾਰ ਪੱਧਰਾ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮਸ਼ੀਨ ਨਾਲ ਔਸਤਨ 10  ਏਕੜ ਪ੍ਰਤੀ ਦਿਨ ਲਵਾਈ ਹੋ ਜਾਂਦੀ ਹੈ। ਜਿਸ ਨਾਲ ਲੇਬਰ ਅਤੇ ਸਮੇਂ ਦੀ ਬਹੁਤ ਵੱਡੀ ਬੱਚਤ ਹੁੰਦੀ ਹੈ। ਖੇਤ ਵਿੱਚ ਬੂਟਿਆਂ ਦੀ ਇੱਕਸਾਰ ਲਵਾਈ ਅਤੇ ਗਿਣਤੀ ਵੱਧ ਹੋਣ ਕਰਕੇ ਫਸਲ ਦਾ ਝਾੜ ਵੀ ਵੱਧ ਨਿਕਲਣ ਦੀ ਸੰਭਾਵਨਾ ਰਹਿੰਦੀ ਹੈ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਉੱਦਮੀ ਕਿਸਾਨ ,ਸਮੂਹ ਅਤੇ ਸੁਸਾਇਟੀਆਂ ਇਸ ਤਕਨੀਕ ਸਬੰਧੀ ਸਿੱਖਿਅਤ ਹੋ ਕੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲਾਹੇਵੰਦ ਤਰੀਕੇ ਨਾਲ ਕਿਰਾਏ ਤੇ ਚਲਾ ਸਕਦੀਆਂ ਹਨ।

ਇਸ ਨਾਲ ਜਿੱਥੇ ਪਿੰਡ ਦੇ ਦੂਜੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਸ ਦੇ ਨਾਲ ਹੀ ਇਹ ਆਮਦਨ ਦਾ ਜ਼ਰੀਆ ਵੀ ਬਣ ਸਕਦੀਆਂ ਹਨ। ਇਸ ਮੌਕੇ ਬਲਰਾਜ ਸਿੰਘ ਖੇਤੀ ਉਪ ਨਿਰੀਖਕ, ਗੁਰਦੇਵ ਸਿੰਘ ਖੇਤੀ ਤਕਨੀਕੀ ਪ੍ਰਬੰਧਕ , ਗੁਰਲਾਲ ਸਿੰਘ ਫੀਲਡ ਵਰਕਰ, ਜਗਤਾਰ ਸਿੰਘ ਅਤੇ ਪ੍ਰਭਦੀਪ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।